ਸੰਗਰੂਰ, 25 ਮਈ (ਅਮਨਦੀਪ ਸਿੰਘ ਬਿੱਟਾ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਵਿਖੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ | ਇਕੱਤਰਤਾ ਦੌਰਾਨ ਜਦ ਪ੍ਰਦਰਸ਼ਨਕਾਰੀਆਂ ਨੇ ਮਾਰਚ ਕੀਤਾ ਤਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਮੰਗਾਂ ਦੇ ਹੱਲ ਲਈ 10 ਜੂਨ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਉਂਦਿਆਂ ਉਨ੍ਹਾਂ ਨੂੰ ਸ਼ਾਂਤ ਕੀਤਾ | ਇਸ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਾਢੇ ਚਾਰ ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਦਲਿਤ ਮਜ਼ਦੂਰਾਂ ਦੀ ਬੁਨਿਆਦੀ ਮੰਗਾਂ ਜ਼ਮੀਨ, ਰੁਜ਼ਗਾਰ, ਕਰਜ਼ਾ, ਜਾਤੀ ਵਿਤਕਰੇ ਦੇ ਖ਼ਿਲਾਫ਼ ਕੋਈ ਸਾਰਥਿਕ ਪਹੁੰਚ ਨਹੀਂ ਅਪਣਾਈ, ਸਗੋਂ ਆਪਣੇ ਹੱਕ ਮੰਗਦੇ ਮਜ਼ਦੂਰਾਂ ਨੂੰ ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿਚ ਡੱਕਣ ਦਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਦੀ ਪ੍ਰਤੱਖ ਉਦਾਹਰਨ ਪਿਛਲੇ ਸਮੇਂ ਬੇਗਮਪੁਰਾ ਵਸਾਉਣ ਨੂੰ ਲੈ ਕੇ ਹੋਇਆ ਘਟਨਾਕ੍ਰਮ ਹੈ | ਗੁਰਵਿੰਦਰ ਬੋੜਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਧਰਮਵੀਰ ਹਰੀਗੜ੍ਹ, ਗੁਰਚਰਨ ਸਿੰਘ ਘਰਾਚੋਂ, ਜਸਵੀਰ ਸਿੰਘ ਹੇੜੀਕੇ ਨੇ ਕਿਹਾ ਕਿ ਮਾਨ ਸਰਕਾਰ ਮਜ਼ਦੂਰਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਇ ਦਲਿਤ ਮਜ਼ਦੂਰਾਂ ਨੂੰ ਸਿਰਫ਼ ਆਟਾ ਦਾਲ ਸਕੀਮ ਅਤੇ ਤੇਲ ਦੀ ਇੱਕ ਸੀਸੀ ਤੱਕ ਸੀਮਤ ਰੱਖਣਾ ਚਾਹੁੰਦੀ ਹੈ | ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਹਿਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ 10 ਜੂਨ ਮੀਟਿੰਗ ਦਾ ਲਿਖਤੀ ਪੱਤਰ ਦੇਣ ਅਤੇ ਅਧਿਕਾਰੀਆਂ ਵੱਲੋਂ ਸੰਗਰੂਰ, ਪਟਿਆਲਾ, ਮਲੇਰਕੋਟਲਾ ਦੇ ਡੀ.ਸੀ., ਐਸ.ਐਸ.ਪੀ. ਨਾਲ ਮੀਟਿੰਗ ਦਾ ਸਮਾਂ ਲੋਕਲ ਮੰਗਾਂ ਦੇ ਨਿਰਧਾਰਿਤ ਲਈ ਦਿਵਾਉਣ ਦਾ ਭਰੋਸਾ ਦਿੱਤਾ | ਇਸ ਉਪਰੰਤ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਗੁਰਦਾਸ ਸਿੰਘ ਝਲੂਰ, ਸ਼ਿੰਗਾਰਾ ਸਿੰਘ, ਰਾਜੂ ਸ਼ਾਦੀਹਰੀ, ਬੀਰੂ ਸਿੰਘ ਤੋਲੇਵਾਲ, ਧਰਮਪਾਲ ਸਿੰਘ, ਮਨਜੀਤ ਕੌਰ ਬੇਨੜਾ ਮੌਜੂਦ ਸਨ |