ਖਨੌਰੀ, 25 ਮਈ (ਬਲਵਿੰਦਰ ਸਿੰਘ ਥਿੰਦ) - ਗੰਗਾ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਵਿੱਚ ਨੇਤਿ੍ਤਵ ਗੁਣ, ਲੋਕਤੰਤਰਿਕ ਮੁੱਲਾਂ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਸ਼ਾਨਦਾਰ ਇਨਵੈਸਚਰ ਸਮਾਰੋਹ ਅਤੇ ਲੋਕਤੰਤਰਿਕ ਢੰਗ ਨਾਲ ਵਿਦਿਆਰਥੀ ਕੌਂਸਲ ਚੋਣ ਪ੍ਰਕਿਰਿਆ ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਹੈੱਡ ਬੁਆਏ ਅਤੇ ਹੈੱਡ ਗਰਲ ਦੇ ਅਹੁਦਿਆਂ ਲਈ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਲੋਕਤੰਤਰਿਕ ਢੰਗ ਨਾਲ ਕਰਵਾਈ ਗਈ | ਡਾਇਰੈਕਟਰ ਪਿ੍ੰਸੀਪਲ ਮੈਡਮ ਰੀਨਾ ਚੀਮਾ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ | ਸਖ਼ਤ ਅਤੇ ਰੋਮਾਂਚਕ ਮੁਕਾਬਲੇ ਤੋਂ ਬਾਅਦ ਕਲਾਸ ਬਾਰ੍ਹਵੀਂ ਸਾਇੰਸ ਦੇ ਇਸ਼ਮੀਤ ਸਿੰਘ ਨੂੰ ਹੈੱਡ ਬੁਆਏ ਅਤੇ ਕਲਾਸ ਬਾਰ੍ਹਵੀਂ ਕਾਮਰਸ ਦੀ ਪ੍ਰਭਜੋਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ | ਡਿਪਟੀ ਅਹੁਦਿਆਂ ਲਈ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਗਈ, ਜਿਸ ਵਿੱਚ ਕਲਾਸ ਗਿਆਰ੍ਹਵੀਂ ਕਾਮਰਸ ਦੇ ਅਰਮਾਨ ਸਿੰਘ ਨੂੰ ਡਿਪਟੀ ਹੈੱਡ ਬੁਆਏ ਅਤੇ ਕਲਾਸ ਗਿਆਰ੍ਹਵੀਂ ਸਾਇੰਸ ਦੀ ਪਰਵਜੋਤ ਕੌਰ ਨੂੰ ਡਿਪਟੀ ਹੈੱਡ ਗਰਲ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਅਲਕਨੰਦਾ ਹਾਊਸ, ਭਾਗੀਰਥੀ ਹਾਊਸ, ਗੰਗੋਤਰੀ ਹਾਊਸ ਅਤੇ ਮੰਦਾਕਿਨੀ ਹਾਊਸ ਦੇ ਹਾਊਸ ਕੈਪਟਨ, ਵਾਈਸ ਕੈਪਟਨ, ਸਪੋਰਟਸ ਕੈਪਟਨ ਅਤੇ ਪ੍ਰੀਫੈਕਟਸ ਨੂੰ ਵੀ ਬੈਜ ਪ੍ਰਦਾਨ ਕੀਤੇ ਗਏ | ਡਾਇਰੈਕਟਰ ਪਿ੍ੰਸੀਪਲ ਮੈਡਮ ਰੀਨਾ ਚੀਮਾ ਨੇ ਸਾਰੇ ਚੁਣੇ ਹੋਏ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਅਹੁਦੇ ਦੀ ਸਹੁੰ ਦਿਵਾਈ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਵਾਈਸ ਪਿ੍ੰਸੀਪਲ ਇਸ਼ਾਂਤ ਪਾਹਵਾ, ਕੋਆਰਡੀਨੇਟਰ ਅਜੀਤ ਕੁਮਾਰ, ਅੰਮਿ੍ਤਪਾਲ ਕੌਰ, ਰਾਜਦੀਪ ਕੌਰ, ਸੁਸ਼ਮਾ ਰਾਣੀ, ਮਨਪ੍ਰੀਤ ਕੌਰ, ਪ੍ਰਤਿਮਾ, ਐਜਾਜ਼ ਖਾਨ, ਗੁਰਤੇਜ ਸਿੰਘ, ਗੁਰਨਾਮ ਸਿੰਘ, ਅੰਮਿ੍ਤਪਾਲ ਕੌਰ, ਮਨਪ੍ਰੀਤ ਕੌਰ ਆਦਿ ਮੌਜੂਦ ਸਨ |