ਮਲੇਰਕੋਟਲਾ, 27 ਮਈ (ਮੁਹੰਮਦ ਹਨੀਫ਼ ਥਿੰਦ) - ਬੀਬੀ ਬਿਮਲ ਕੌਰ ਖ਼ਾਲਸਾ ਦੇ ਸੰਘਰਸ਼ਮਈ ਅਤੇ ਪ੍ਰਭਾਵਸ਼ਾਲੀ ਕਿਰਦਾਰ 'ਤੇ ਆਧਾਰਿਤ ਬਹੁ-ਚਰਚਿਤ ਪੰਜਾਬੀ ਫ਼ਿਲਮ 'ਜ਼ਖ਼ਮਾਂ ਤੋਂ ਚੜ੍ਹਦੀ ਕਲਾ' ਸਿਰਫ਼ ਇਕ ਫ਼ਿਲਮ ਹੀ ਨਹੀਂ, ਬਲਕਿ ਪੰਜਾਬ ਦੇ ਇਤਿਹਾਸ 'ਤੇ ਇਕ ਅਜਿਹੀ ਸ਼ਖ਼ਸੀਅਤ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ | ਇਸ ਫ਼ਿਲਮ ਦੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਪੁੱਤਰ ਕਰਨ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ਿਲਮ ਬੀਬੀ ਬਿਮਲ ਕੌਰ ਖ਼ਾਲਸਾ ਦੇ ਜੀਵਨ ਦੇ ਉਤਾਰ-ਚੜ੍ਹਾਉ, ਉਨ੍ਹਾਂ ਦੇ ਦਿ੍ੜ ਇਰਾਦੇ ਅਤੇ ਪਰਿਵਾਰਕ ਸੰਘਰਸ਼ ਨੂੰ ਬਾਖ਼ੂਬੀ ਬਿਆਨ ਕਰਦੀ ਹੈ ਕਿ ਇਨਸਾਨ 'ਤੇ ਹਾਲਾਤ ਚਾਹੇ ਕਿੱਦਾਂ ਦੇ ਵੀ ਭਾਰੂ ਹੋਣ ਪਰ ਇਨਸਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿਣਾ ਚਾਹੀਦਾ ਹੈ | ਹਿੰਮਤ ਅਤੇ ਜਜ਼ਬੇ ਦੀ ਦਾਸਤਾਨ ਨੂੰ ਬਿਆਨ ਕਰਦੀ ਪੰਜਾਬੀ ਫ਼ਿਲਮ 'ਜਖ਼ਮਾਂ ਤੋਂ ਚੜ੍ਹਦੀ ਕਲਾ' ਦਾ ਟਰੇਲਰ ਅੱਜ ਕੱਲ੍ਹ ਵਿਸ਼ਵ ਪਰ 'ਚ ਖ਼ੂਬ ਸੁਰਖ਼ੀਆਂ ਬਟੋਰ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪਿੰਕੀ ਧਾਲੀਵਾਲ ਪਹਿਲਾਂ ਵੀ ਬਤੌਰ ਪ੍ਰੋਡਿਊਸਰ ਪੰਜਾਬੀ ਫ਼ਿਲਮ 'ਬੀਬੀ ਰਜਨੀ' ਰਾਹੀਂ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰੀ ਲਗਵਾ ਕੇ ਖ਼ੂਬ ਸੁਰਖ਼ੀਆਂ ਬਟੋਰ ਚੁੱਕੇ ਹਨ | ਕਰਨ ਧਾਲੀਵਾਲ ਨੇ ਅੱਗੇ ਦੱਸਿਆ ਕਿ 'ਜਖ਼ਮਾਂ ਤੋਂ ਚੜ੍ਹਦੀ ਕਲਾ' ਫ਼ਿਲਮ ਭਲਕੇ ਯਾਨੀਕਿ 29 ਮਈ ਨੂੰ ਵੱਡੇ ਪੱਧਰ ਤੇ ਵਿਸ਼ਵ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਨਿਰਾਸ਼ ਨਹੀਂ ਹੋਣਗੇ, ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਕਿ ਇਨਸਾਨ 'ਤੇ ਹਾਲਾਤ ਚਾਹੇ ਕਿਸੇ ਵੀ ਤਰ੍ਹਾਂ ਦੇ ਭਾਰੂ ਹੋਣ ਉਨ੍ਹਾਂ ਦਾ ਕਿਸ ਤਰ੍ਹਾਂ 'ਚੜ੍ਹਦੀ ਕਲਾ' ਚ ਰਹਿ ਕੇ ਡਟ ਕੇ ਮੁਕਾਬਲਾ ਕਰਨਾ ਹੈ | ਫ਼ਿਲਮ ਦੇ ਰਿਲੀਜ਼ ਹੋਏ ਟਰੇਲਰ ਨੇ ਵਿਦੇਸ਼ਾਂ 'ਚ ਵੀ ਧੁੰਮ ਮਚਾਈ ਹੋਈ ਹੈ ਅਤੇ 'ਚੜ੍ਹਦੀ ਕਲਾ' ਫ਼ਿਲਮ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਵੇਗੀ | ਉਨ੍ਹਾਂ ਦੱਸਿਆ ਕਿ ਇਸ ਫ਼ਿਲਮ 'ਚ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ ਅਤੇ ਜਰਨੈਲ ਸਿੰਘ ਵਲੋਂ ਸ਼ਾਨਦਾਰ ਕਿਰਦਾਰ ਪੇਸ਼ ਕੀਤੇ ਹਨ | ਉਨ੍ਹਾਂ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਿਨੇਮਾ ਘਰਾਂ 'ਚ ਜਾ ਕੇ ਫ਼ਿਲਮ ਨੂੰ ਜ਼ਰੂਰ ਦੇਖਣ | ਇਸ ਮੌਕੇ ਜ਼ੋਰਾਵਰ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਸਰੀ (ਕੈਨੇਡਾ) ਦੇ ਮਾਲਕ ਲਖਵੀਰ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਬਿਮਲ ਕੌਰ ਦੇ ਜਜ਼ਬੇ ਨੂੰ ਬਿਆਨ ਕਰਦੀ ਇਸ ਫ਼ਿਲਮ ਨੂੰ ਦਰਸ਼ਕ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਦੇਖਣ ਜਾਣ |