ਧੂਰੀ, 30 ਮਈ (ਲਖਵੀਰ ਸਿੰਘ ਧਾਂਦਰਾ) - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਮੰਤਰੀ ਦੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਾਕਾਰ ਸਿੰਘ ਸਿੱਧੂ ਨੇ ਕੱਲ੍ਹ ਐਲਾਨੇ ਗਏ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਤੇ ਆਪਣਾ ਤਿੱਖਾ ਅਤੇ ਸਿਆਸੀ ਪ੍ਰਤੀਕਰਮ ਦਿੰਦਿਆਂ ਧੂਰੀ ਪ੍ਰਸ਼ਾਸਨ 'ਤੇ ਵਿਅੰਗ ਕਰਦਿਆਂ ਉਨ੍ਹਾਂ ਨੂੰ ਇਸ 'ਜਿੱਤ' ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਇਹ ਚੋਣ ਮੁਕਾਬਲਾ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਕਾਰ ਨਹੀਂ ਸੀ, ਸਗੋਂ ਇਹ ਸਿੱਧੀ ਟੱਕਰ 'ਭਾਜਪਾ ਬਨਾਮ ਧੂਰੀ ਪ੍ਰਸ਼ਾਸਨ' ਸੀ, ਜਿਸ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਪ੍ਰਸ਼ਾਸਨ ਨੇ ਇਹ ਚੋਣ ਜਿੱਤ ਲਈ ਹੈ | ਪ੍ਰੋ. ਓਾਕਾਰ ਸਿੰਘ ਸਿੱਧੂ ਨੇ ਸੱਤਾਧਾਰੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਆਪਣੀ ਨੈਤਿਕ ਹਾਰ ਉਸੇ ਦਿਨ ਹੀ ਪ੍ਰਵਾਨ ਕਰ ਲਈ ਸੀ, ਜਿਸ ਦਿਨ ਭਾਜਪਾ ਦੇ ਮਜ਼ਬੂਤ ਅਤੇ ਜੇਤੂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਗੈਰ-ਕਾਨੂੰਨੀ ਤਰੀਕੇ ਨਾਲ ਰੱਦ ਕਰਵਾਏ ਗਏ ਸਨ | ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਹਾਰ ਦੇ ਡਰੋਂ ਬੌਖਲਾਹਟ ਵਿੱਚ ਆ ਗਈ ਸੀ, ਜਿਸ ਕਾਰਨ ਲੋਕਤੰਤਰ ਦਾ ਘਾਣ ਕਰਕੇ ਪ੍ਰਸ਼ਾਸਨਿਕ ਤਸ਼ੱਦਦ ਦਾ ਸਹਾਰਾ ਲਿਆ ਗਿਆ | ਇਸ ਦੇ ਬਾਵਜੂਦ, ਭਾਜਪਾ ਦੇ ਨਿਡਰ ਵਰਕਰਾਂ ਅਤੇ ਉਮੀਦਵਾਰਾਂ ਨੇ ਸਰਕਾਰੀ ਜਬਰ ਦੇ ਸਾਹਮਣੇ ਗੋਡੇ ਨਹੀਂ ਟੇਕੇ ਅਤੇ ਡਟ ਕੇ ਮੁਕਾਬਲਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਪਰਮਜੀਤ ਸਿੰਘ ਭਿੰਦੀ ਅਤੇ ਨਰਪਿੰਦਰ ਸਿੰਘ ਗੋਰਾ ਵੀ ਹਾਜ਼ਰ ਸਨ |