ਲੌਂਗੋਵਾਲ, 30 ਮਈ (ਵਿਨੋਦ, ਖੰਨਾ) - ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਅਤੇ ਲੌਂਗੋਵਾਲ ਇਲਾਕੇ ਵਿਚ ਆਮ ਆਦਮੀ ਪਾਰਟੀ ਦਾ ਪਰਚਮ ਲਹਿਰਾਉਣ ਵਾਲੇ ਬਲਵਿੰਦਰ ਸਿੰਘ ਢਿੱਲੋਂ ਨਗਰ ਕੌਂਸਲ ਲੌਂਗੋਵਾਲ ਦੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ 'ਚ ਸਫਲ ਰਹੇ ਹਨ | ਉਨ੍ਹਾਂ ਨਾ ਸਿਰਫ਼ ਆਪਣੀਆਂ 2 ਸੀਟਾਂ 'ਤੇ ਦੋਹਰੀ ਜਿੱਤ ਪ੍ਰਾਪਤ ਕੀਤੀ, ਸਗੋਂ ਕੁੱਲ 10 ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਹਨ | ਬਲਵਿੰਦਰ ਸਿੰਘ ਢਿੱਲੋਂ ਨੂੰ ਲੌਂਗੋਵਾਲ 'ਚ ਹੋਏ 100 ਕਰੋੜ ਰੁਪਏ ਦੇ ਕਰੀਬ ਵਿਕਾਸ ਕਾਰਜਾਂ ਦਾ ਵੀ ਸੂਤਰਧਾਰ ਮੰਨਿਆ ਜਾ ਰਿਹਾ ਹੈ | ਇਨ੍ਹਾਂ ਸੰਵੇਦਨਸ਼ੀਲ ਵਾਰਡਾਂ 'ਚ ਜਦੋਂ ਕੋਈ ਵਰਕਰ ਚੋਣ ਲੜਨ ਲਈ ਅੱਗੇ ਨਹੀਂ ਆ ਰਿਹਾ ਸੀ ਤਾਂ ਵਾਰਡ ਨੰਬਰ 11 ਤੋਂ ਬਲਵਿੰਦਰ ਸਿੰਘ ਢਿੱਲੋਂ ਨੇ ਆਪਣੇ ਪਤਨੀ ਬੀਬੀ ਰਛਪਾਲ ਕੌਰ ਅਤੇ ਵਾਰਡ ਨੰਬਰ 9 ਤੋਂ ਮਾਤਾ ਅਮਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਵਲੋਂ ਚੋਣ ਲੜਾਉਣ ਦਾ ਹੌਸਲਾ ਵਿਖਾਇਆ ਅਤੇ ਜ਼ਬਰਦਸਤ ਸਫਲਤਾ ਹਾਸਿਲ ਕੀਤੀ | ਦੋ ਵਾਰਡਾਂ 'ਚ ਉਲਝੇ ਹੋਣ ਦੇ ਬਾਵਜੂਦ ਵੀ ਬਲਵਿੰਦਰ ਸਿੰਘ ਢਿੱਲੋਂ ਦੀ ਟੀਮ ਨੇ ਰਣਨੀਤੀ ਬਣਾ ਕੇ ਕੰਮ ਕੀਤਾ ਅਤੇ 10 ਵਾਰਡਾਂ 'ਚ ਸਫਲਤਾ ਪ੍ਰਾਪਤ ਕੀਤੀ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 2 ਸੀਟਾਂ 'ਤੇ ਜਿੱਤ ਅਤੇ ਬੀਤੇ ਸਮੇਂ ਵਿਚ ਢਿੱਲੋਂ ਦੀ ਮਿਹਨਤ ਨੂੰ ਮੁੱਖ ਰੱਖਦਿਆਂ ਇਹ ਗੱਲ ਵੀ ਪੱਥਰ 'ਤੇ ਲਕੀਰ ਮੰਨੀ ਜਾ ਰਹੀ ਹੈ ਕਿ ਬਲਵਿੰਦਰ ਸਿੰਘ ਢਿੱਲੋਂ ਦੀ ਪਤਨੀ ਬੀਬੀ ਰਛਪਾਲ ਕੌਰ ਦਾ ਨਗਰ ਕੌਂਸਲ ਲੌਂਗੋਵਾਲ ਦਾ ਪ੍ਰਧਾਨ ਬਣਨਾ ਤੈਅ ਮੰਨਿਆ ਜਾ ਰਿਹਾ ਹੈ |