ਮਲੇਰਕੋਟਲਾ, 31 ਮਈ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਅੰਦਰ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 'ਚ ਜਿੱਥੇ ਆਮ ਆਦਮੀ ਪਾਰਟੀ ਦੀ ਝੰਡੀ ਰਹੀ ਹੈ, ਉੱਥੇ ਹੀ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਮਲੇਰਕੋਟਲਾ ਦੀ ਅਗਵਾਈ ਹੇਠ ਲੜੀਆਂ ਗਈਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤਾਂ ਦਰਜ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਹਲਕੇ ਦਾ ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਦਲਿਤ ਸਮੇਤ ਹਰੇਕ ਵਰਗ ਉਨ੍ਹਾਂ ਦੇ ਨਾਲ ਹੈ | ਇਸੇ ਲਈ 33 'ਚੋਂ 20 ਵਾਰਡਾਂ ਵਿਚ ਹੋਈ ਸ਼ਾਨਦਾਰ ਜਿੱਤ ਹਾਸਲ ਕਰਕੇ ਨਗਰ ਕੌਂਸਲ ਉੱਤੇ ਫਿਰ ਤੋਂ ਮਜ਼ਬੂਤੀ ਨਾਲ ਕਬਜ਼ਾ ਕਰ ਲਿਆ ਹੈ | ਉਪਰੋਕਤ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਸੁਲੇਮਾਨ ਜੌੜਾ ਨੇ ਕਿਹਾ ਕਿ ਵਿਰੋਧੀਆਂ ਨੇ ਵਿਧਾਇਕ ਮਲੇਰਕੋਟਲਾ ਦੇ ਅਕਸ ਨੂੰ ਖ਼ਰਾਬ ਕਰਨ ਲਈ ਅਨੇਕਾਂ ਹੱਥਕੰਡੇ ਵਰਤੇ ਪਰੰਤੂ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਲੰਬੇ ਸਿਆਸੀ ਅਨੁਭਵ ਨੇ ਸਾਬਤ ਕਰ ਦਿੱਤਾ ਕਿ ਅੱਜ ਵੀ ਹਲਕੇ ਦੇ ਲੋਕ ਉਨ੍ਹਾਂ ਦੇ ਨਾਲ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ 6 ਲੱਖ ਮੁਸਲਮਾਨਾਂ ਦੇ ਪ੍ਰਤੀਨਿਧੀ ਵਿਧਾਇਕ ਮਲੇਰਕੋਟਲਾ ਨੂੰ ਪੰਜਾਬ ਦੇ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਮੁਸਲਮਾਨਾਂ ਤੋਂ ਇਲਾਵਾ ਹਰ ਵਰਗ ਦੇ ਸੁਹਿਰਦ ਲੋਕ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੂੰ ਵਿਧਾਇਕ ਮਲੇਰਕੋਟਲਾ ਨੂੰ ਪੰਜਾਬ ਮੰਤਰੀ ਮੰਡਲ 'ਚ ਸ਼ਾਮਿਲ ਕਰਨ ਲਈ ਦਬਾਅ ਬਣਾਉਣ ਲੱਗੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਮੁਸਲਮਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਆਗਾਮੀ ਦਿਨਾਂ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਇੱਕ ਵਫ਼ਦ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਵਿਧਾਇਕ ਮਲੇਰਕੋਟਲਾ ਨੂੰ ਪੰਜਾਬ ਮੰਤਰੀ ਮੰਡਲ 'ਚ ਸ਼ਾਮਿਲ ਕਰਨ ਲਈ ਮਿਲੇਗਾ |