ਮਸਤੂਆਣਾ ਸਾਹਿਬ, 1 ਜੂਨ (ਦਮਦਮੀ) - ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਸ਼ਿਰਕਤ ਕੀਤੀ | ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਗਿੱਲ, ਡਾ. ਸੁਮੀਤ ਗਰੇਵਾਲ, ਡਾ. ਸੁਖਦੀਪ ਕੌਰ ਸਿੱਧੂ, ਡਾ. ਹਰਪਾਲ ਕੌਰ, ਡਾ. ਜੋਤੀ ਗੁਪਤਾ, ਹਰਿੰਦਰ ਸਿੰਘ ਵੱਲੋਂ ਸ਼ਮੂਲੀਅਤ ਕੀਤੀ | ਇਸ ਸਮਾਰੋਹ ਦੌਰਾਨ ਸਕੂਲ ਮੈਨੇਜਮੈਂਟ, ਅਧਿਆਪਕ ਸਾਹਿਬਾਨ ਅਤੇ ਮਾਪਿਆਂ ਨੇ ਸੰਸਥਾ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਦੀ ਸਖ਼ਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਸਮਾਰੋਹ ਦੌਰਾਨ ਅਕੈਡਮੀ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਟਰਾਫ਼ੀਆਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ, ਜਿਨ੍ਹਾਂ ਵਿੱਚ ਹਰਪ੍ਰਤਾਪ ਸਿੰਘ ਗਿੱਲ ਨੇ 93.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਨੀਲਪ੍ਰੀਤ ਕੌਰ ਨੇ 92.2% ਅੰਕਾਂ ਨਾਲ ਦੂਜਾ ਅਤੇ ਮਨਦੀਪ ਕੌਰ ਨੇ 89.6% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਨ੍ਹਾਂ ਤੋਂ ਇਲਾਵਾ 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 19 ਵਿਦਿਆਰਥੀਆਂ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਬੱਚਿਆਂ ਨੂੰ ਭਵਿੱਖ ਵਿੱਚ ਉਚੇ ਟੀਚੇ ਮਿਥਣ ਅਤੇ ਦੇਸ਼-ਕੌਮ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਵਿਜੇ ਪਲਾਹਾਂ ਨੇ ਮੁੱਖ ਮਹਿਮਾਨ ਬੀਬਾ ਗਗਨਦੀਪ ਕੌਰ ਢੀਂਡਸਾ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਨੁਸ਼ਾਸਨ ਤੇ ਇਮਾਨਦਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ 'ਚ ਮੈਡਮ ਮਨਪ੍ਰੀਤ ਕੌਰ ਨੇ ਧੰਨਵਾਦ ਕੀਤਾ |