ਅਮਰਗੜ੍ਹ, 1 ਜੂਨ (ਪਵਿੱਤਰ ਸਿੰਘ) ਕਮਿਊਨਿਟੀ ਹੈਲਥ ਸੈਂਟਰ ਅਮਰਗੜ੍ਹ ਵਿਖੇ ਇਲਾਕੇ ਦੇ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਬੱਚਿਆਂ ਦੇ ਮਾਹਿਰ ਡਾਕਟਰ ਜਸਦੀਪ ਸਿੰਘ ਨੇ ਪੱਕੇ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ | ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਡਾਕਟਰ ਜਸਦੀਪ ਸਿੰਘ ਨੂੰ ਜੁਆਇਨ ਕਰਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਹੁਣ ਇਲਾਕੇ ਦੇ ਲੋਕਾਂ ਨੂੰ ਬੱਚਿਆਂ ਦੇ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ | ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੱਚਿਆਂ ਦੇ ਮਾਹਿਰ ਡਾਕਟਰ ਦੀ ਲੰਮੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜੋ ਕਿ ਅੱਜ ਪੂਰੀ ਹੋ ਗਈ ਹੈ | ਉਨ੍ਹਾਂ ਉਮੀਦ ਜਤਾਈ ਕਿ ਡਾ. ਜਸਦੀਪ ਸਿੰਘ ਦੀਆਂ ਸੇਵਾਵਾਂ ਸਦਕਾ ਹਸਪਤਾਲ ਆਉਣ ਵਾਲੇ ਨਵਜੰਮੇ ਅਤੇ ਛੋਟੇ ਬੱਚਿਆਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ | ਮੈਡੀਕਲ ਸਪੈਸ਼ਲਿਸਟ ਡਾਕਟਰ ਗੁਰਵਿੰਦਰ ਸਿੰਘ, ਰਣਵੀਰ ਸਿੰਘ ਢੰਡੇ ਅਤੇ ਸਮੁੱਚੇ ਮੈਡੀਕਲ ਸਟਾਫ਼ ਵੱਲੋਂ ਡਾਕਟਰ ਜਸਦੀਪ ਸਿੰਘ ਦਾ ਨਿੱਘਾ ਸਵਾਗਤ ਕਰਦਿਆ ਉਨ੍ਹਾਂ ਨੂੰ ਨਵੀਂ ਨਿਯੁਕਤੀ 'ਤੇ ਮੁਬਾਰਕਬਾਦ ਦਿੱਤੀ ਗਈ | ਡਾਕਟਰ ਜਸਦੀਪ ਸਿੰਘ ਨੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਇਲਾਕੇ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ |