ਦਿੜ੍ਹਬਾ ਮੰਡੀ, 2 ਜੂਨ (ਹਰਬੰਸ ਸਿੰਘ ਛਾਜਲੀ) - ਨਾਬਾਲਗ ਨੂੰ ਨਹਿਰ 'ਚ ਸੁੱਟ ਕੇ ਮਾਰਨ ਦੇ ਮਾਮਲੇ 'ਚ ਪੁਲਿਸ ਥਾਣਾ ਦਿੜ੍ਹਬਾ ਵਿਖੇ ਤਿੰਨ ਨਾਬਾਲਗ ਲੜਕਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਅਵਤਾਰ ਸਿੰਘ ਵਾਸੀ ਸਫੀਪੁਰ ਕਲਾਂ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਮੇਰੇ ਹੁਸਨਪ੍ਰੀਤ ਕੌਰ ਅਤੇ ਜਗਤਪ੍ਰੀਤ ਸਿੰਘ (16) ਦੋ ਬੱਚੇ ਹਨ | ਜਗਤਪ੍ਰੀਤ ਸਿੰਘ ਨੂੰ 28 ਮਈ ਨੂੰ ਦੋਸਤ ਗੁਰਸਗਨ ਸਿੰਘ ਉਰਫ਼ ਗੁਰਸ਼ਰਨ ਸਿੰਘ ਵਾਸੀ ਕਮਾਲਪੁਰ ਦਾ ਫ਼ੋਨ ਆਇਆ ਕਿ ਲੈਣ ਆ ਰਹੇ ਹਾਂ | ਤਿਆਰ ਰਹੀ ਕਿਸੇ ਜ਼ਰੂਰੀ ਕੰਮ ਜਾਣਾ ਹੈ | ਗੁਰਸ਼ਰਨ ਸਿੰਘ, ਖੁਸ਼ਪ੍ਰੀਤ ਸਿੰਘ ਵਾਸੀ ਸਮਾਧਾਂ, ਥਾਣਾ ਗੂਹਲਾਂ (ਹਰਿਆਣਾ), ਰਾਜਵੀਰ ਸਿੰਘ ਵਾਸੀ ਤਲਵੰਡੀ ਮਲਕ (ਸਮਾਣਾ) 10-15 ਮਿੰਟਾਂ ਬਾਅਦ ਜਗਤਪ੍ਰੀਤ ਸਿੰਘ ਨੂੰ ਮੋਟਰਸਾਈਕਲ 'ਤੇ ਬਿਠਾ ਪਿੰਡ ਕਕਰਾਲਾ ਵਾਲੀ ਸਾਈਡ ਚਲੇ ਗਏ | ਪਤਨੀ ਅਮਨਦੀਪ ਕੌਰ ਨਾਲ ਹੈਦਰ ਸ਼ੇਖ਼ ਦੀ ਦਰਗਾਹ ਮਲੇਰਕੋਟਲਾ ਚੌਕੀ ਭਰਨ ਚਲਾ ਗਿਆ | ਅਗਲੇ ਦਿਨ 29 ਮਈ ਨੂੰ ਘਰ ਆਇਆ ਤਾਂ ਲੜਕੀ ਜੋ ਘਰ ਸੀ, ਨੇ ਦੱਸਿਆ ਕਿ ਜਗਤਪ੍ਰੀਤ ਸਿੰਘ ਕੱਲ੍ਹ ਦੁਪਹਿਰ ਦਾ ਘਰੋਂ ਗਿਆ ਵਾਪਸ ਨਹੀਂ ਆਇਆ | ਜਿਸ ਬਾਰੇ ਆਸ ਪਾਸ ਅਤੇ ਰਿਸ਼ਤੇਦਾਰੀਆਂ 'ਚ ਜਾਣਕਾਰੀ ਲੈਣ ਲੱਗ ਪਿਆ ਪਰ ਕੁੱਝ ਵੀ ਪਤਾ ਨਹੀਂ ਲੱਗਿਆ | 31 ਮਈ ਨੂੰ ਜਾਣਕਾਰੀ ਮਿਲੀ ਕਿ ਨਰਵਾਣਾ (ਹਰਿਆਣਾ) ਹਸਪਤਾਲ 'ਚ ਨੌਜਵਾਨ ਦੀ ਲਾਸ਼ ਪਈ ਹੈ | ਨਰਵਾਣੇ ਜਾ ਕੇ ਸ਼ਨਾਖ਼ਤ ਕੀਤੀ ਤਾਂ ਲਾਸ਼ ਜਗਤਪ੍ਰੀਤ ਸਿੰਘ ਦੀ ਸੀ | ਉਕਤ ਲੜਕਿਆ ਨੇ ਸਾਜ਼ ਬਾਜ਼ ਕਰਕੇ ਜਗਤਪ੍ਰੀਤ ਸਿੰਘ ਨੂੰ ਨਹਿਰ 'ਚ ਸੁੱਟ ਕੇ ਮਾਰ ਦਿੱਤਾ | ਥਾਣਾ ਮੁੱਖ ਅਫ਼ਸਰ ਦਿੜ੍ਹਬਾ ਜਗਤਾਰ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਤਿੰਨ ਨਾਬਾਲਗਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਿਨਾਂ ਨੂੰ ਬਾਲ ਸੁਧਾਰ (ਜੇਲ੍ਹ) ਲੁਧਿਆਣਾ ਵਿਖੇ ਭੇਜਿਆ ਜਾ ਰਿਹਾ ਹੈ |