ਸੰਗਰੂਰ, 2 ਜੂਨ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਦੇ ਵਿਰਾਸਤੀ ਬਾਗ਼ ਬਨਾਸਰ ਬਾਗ਼ 'ਚ ਬੀਤੀ ਰਾਤ ਕੁੱਝ ਸ਼ਰਾਰਤੀ ਲੋਕਾਂ ਵਲੋਂ ਬਾਗ਼ ਅੰਦਰ ਪਏ ਸਾਫ਼ ਸਫ਼ਾਈ ਦੇ ਸਾਜੋ ਸਾਮਾਨ ਅਤੇ ਰੁੱਖਾਂ ਦੀ ਲੱਕੜ ਨੂੰ ਅੱਗ ਲਗਾਈ ਗਈ | ਇੱਥੋਂ ਤੱਕ ਕਿ ਬਾਗ਼ ਅੰਦਰ ਸਾਫ਼ ਸਫ਼ਾਈ ਲਈ ਵਰਤੇ ਜਾ ਰਹੇ ਟਰੈਕਟਰ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਬਾਰੇ ਪਤਾ ਚੱਲਦਿਆਂ ਸਾਰ ਹੀ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਬਨਾਸਰ ਬਾਗ਼ 'ਚ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ ਇਸ ਘਿਨਾਉਣੀ ਘਟਨਾ ਦੀ ਨਿਖੇਧੀ ਕਰਦਿਆਂ ਪੁਲਿਸ ਕੋਲ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ | ਵਾਤਾਵਰਨ ਪ੍ਰੇਮੀ ਐਡਵੋਕੇਟ ਸਮੀਰ ਫਤਾ ਅਤੇ ਰੋਸ਼ਨ ਗਰਗ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੀਬ ਡੇਢ ਮਹੀਨਾ ਪਹਿਲਾਂ ਵੀ ਸੰਗਰੂਰ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਬਨਾਸਰ ਬਾਗ਼ 'ਚ ਕੁੱਝ ਸ਼ਰਾਰਤੀ ਲੋਕਾਂ ਵਲੋਂ ਫੁੱਲਾਂ ਦੀਆਂ ਕਿਆਰੀਆਂ ਨੂੰ ਅੱਗ ਲਗਾਏ ਜਾਣ ਸੰਬੰਧੀ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਿਵਲ ਅਤੇ ਪੁਲਿਸ ਦੋਵੇਂ ਹੀ ਪ੍ਰਸ਼ਾਸਨ ਵਲੋਂ ਇਨ੍ਹਾਂ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਕਾਰਵਾਈ ਨਾ ਹੋਣ ਕਾਰਨ ਉਕਤ ਸ਼ਰਾਰਤੀ ਅਨਸਰਾਂ ਵਲੋਂ ਅੱਜ ਫਿਰ ਬਨਾਸਰ ਬਾਗ਼ ਵਿਖੇ ਅੱਗ ਲਗਾ ਕੇ ਜਿੱਥੇ ਸਾਜੋ ਸਾਮਾਨ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ | ਉੱਥੇ ਹੀ ਬਾਗ਼ ਦੀ ਸਫ਼ਾਈ ਦੇ ਚੱਲ ਰਹੇ ਕੰਮ 'ਚ ਵੀ ਵਿਘਨ ਪਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਾਪਰੀ ਇਸ ਘਟਨਾ ਦੌਰਾਨ ਕੂੜੇ ਵਾਲੀ ਇੱਕ ਰੇੜੀ ਤੋਂ ਇਲਾਵਾ ਸਾਫ਼ ਸਫ਼ਾਈ ਦੇ ਹੋਰ ਸਾਮਾਨ ਨੂੰ ਸਾੜਿਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਹੀ ਬਾਗ਼ 'ਚ ਪਈ ਰੁੱਖਾਂ ਦੀ ਲੱਕੜ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ ਹੈ, ਜਿਸ ਕਾਰਨ ਬਾਗ਼ ਵਿੱਚ ਲੱਗੇ ਹੋਰਨਾਂ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਸਮਾਜ ਸੇਵੀਆਂ ਵੱਲੋਂ ਮੁੱਦਾ ਚੁੱਕੇ ਜਾਣ 'ਤੇ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਖ਼ੁਦ ਬਨਾਸਰ ਬਾਗ਼ ਵਿੱਚ ਪਹੁੰਚੇ ਅਤੇ ਉਨ੍ਹਾਂ ਸਾਰੀ ਘਟਨਾ ਦਾ ਮੁਆਇਨਾ ਵੀ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀ.ਐਸ. ਪੀ ਸਿੱਧੂ ਨੇ ਕਿਹਾ ਕਿ ਜਿਸ ਵੀ ਕਿਸੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਇਸ ਵਿਰਾਸਤੀ ਬਾਗ਼ ਵਿੱਚ ਅੱਗ ਲਗਾਉਣ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ |