ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਵੱਲੋਂ ਵਿਧਾਨ ਸਭਾ ਚੋਣਾਂ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਹਲਕੇ ਦੇ ਪਿੰਡਾਂ ਵਿੱਚ ਲਗਾਤਾਰ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ | ਇਸੇ ਲੜੀ ਤਹਿਤ ਪਿੰਡ ਫ਼ਤਹਿਗੜ੍ਹ ਪੰਜਗਰਾਈਆਂ ਵਿਖੇ ਮੀਟਿੰਗ ਕੀਤੀ ਗਈ, ਜਿਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਹੋਇਆ ਅਤੇ ਲੋਕਾਂ ਨੇ ਨੌਜਵਾਨ ਆਗੂ ਕਮਲਜੀਤ ਸਿੰਘ ਚੱਕ ਨੂੰ ਹੱਥ ਖੜ੍ਹੇ ਕਰਕੇ ਥਾਪੜਾ ਦਿੱਤਾ | ਇਸ ਮੌਕੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹੋਏ ਸਰਗਰਮ ਆਗੂ ਕਮਲਜੀਤ ਸਿੰਘ ਚੱਕ ਨੇ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਕੰਮ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਹੀ ਕੀਤਾ ਹੈ ਅਤੇ ਇਹ ਪਹਿਲੀ ਪਾਰਟੀ ਹੈ ਜਿਸ ਦੇ ਕਿੰਨੇ ਹੀ ਵਿਧਾਇਕ ਤੇ ਮੰਤਰੀ ਖ਼ੁਦ ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਜੇਲ੍ਹਾਂ ਕੱਟ ਚੁੱਕੇ ਹਨ ਜਾਂ ਜੇਲ੍ਹਾਂ 'ਚ ਹਨ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਹਮੇਸ਼ਾ ਝੂਠ ਹੀ ਬੋਲਦੀ ਹੈ ਤੇ ਵੋਟਾਂ ਬਟੋਰਨ ਦੇ ਲਈ ਵੱਖ ਵੱਖ ਝੂਠੀਆਂ ਸਕੀਮਾਂ ਲਾਉਣਾ ਦਿੱਲੀ ਤੋਂ ਹਾਰੇ ਲੋਕਾਂ ਦਾ ਕੰਮ ਹੈ | ਉਨ੍ਹਾਂ ਕਿਹਾ ਲੋਕ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਤੇ 2027 ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਉਣਗੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਹਿਕਾਰੀ ਸਭਾ ਦੇ ਪ੍ਰਧਾਨ ਕੇਸਰ ਸਿੰਘ ਚਹਿਲ, ਸਾਬਕਾ ਪੰਚ ਸੀਨੀਅਰ ਕਾਂਗਰਸੀ ਆਗੂ ਮੇਵਾ ਸਿੰਘ, ਸਾਬਕਾ ਫ਼ੌਜੀ ਮਨਜੀਤ ਸਿੰਘ, ਦੀਨਾ ਖਾਂ, ਦਰਸ਼ਨ ਸਿੰਘ ਗਿੱਲ, ਹਰਜੀਤਪਾਲ ਵਿੱਕੀ, ਗੁਰਪ੍ਰੀਤ ਸਿੰਘ ਚਹਿਲ, ਜੋਰਾ ਸਿੰਘ, ਸਾਬਕਾ ਸਰਪੰਚ ਬਹਾਦਰ ਸਿੰਘ, ਜਗਰੂਪ ਸਿੰਘ , ਇਕਬਾਲ ਖਾਂ ਸਮੇਤ ਪਿੰਡ ਦੇ ਕਈ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਹਾਜ਼ਰ ਸਨ |