ਦਿੜ੍ਹਬਾ ਮੰਡੀ, 2 ਜੂਨ (ਹਰਬੰਸ ਸਿੰਘ ਛਾਜਲੀ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਠੇਕਾ ਮੁਲਾਜ਼ਮਾਂ ਵੱਲੋਂ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਮੋਰਚੇ ਦੀ ਅਗਵਾਈ ਸੂਬਾ ਆਗੂ ਸ਼ੇਰ ਸਿੰਘ ਲੌਂਗੋਵਾਲ, ਰਮਨਦੀਪ ਸਿੰਘ ਮਾਨਸਾ, ਜਸਵੀਰ ਸਿੰਘ ਜੱਸੀ ਅਤੇ ਜਗਦੀਪ ਸਿੰਘ ਖੰਨਾ ਵੱਲੋਂ ਕੀਤੀ ਗਈ | ਠੇਕਾ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਦਾ ਪੁਤਲਾ ਦਿੜ੍ਹਬਾ ਵਿਖੇ ਪੁਲ ਥੱਲੇ ਕੌਹਰੀਆਂ ਰੋਡ ਤੇ ਫੂਕਿਆ ਗਿਆ | ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਸੂਬਾ ਆਗੂ ਸ਼ੇਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਲਾਰੇ ਲਗਾਉਂਦਿਆਂ ਸਾਢੇ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ | ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਲਿਖਤੀ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ | ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ 2 ਜੂਨ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਲਿਖਤੀ ਮੀਟਿੰਗ ਦੇ ਕੇ ਫਿਰ ਤੋਂ ਰੱਦ ਕਰ ਦਿੱਤੀ ਗਈ | ਜਿਸ ਨੂੰ ਲੈ ਕੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਹੇਠ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਜਿੰਨੀ ਦੇਰ ਪੰਜਾਬ ਸਰਕਾਰ ਆਪਣੇ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਨਹੀਂ ਕਰਦੀ, 1948 ਐਕਟ ਅਨੁਸਾਰ ਘੱਟੋ ਘੱਟ ਉਜਰਤ ਅਤੇ ਮਿਲਣ ਵਾਲੇ ਭੱਤੇ ਦੇਣ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰਦੀ ਤਦ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ | ਸਬ ਕਮੇਟੀ ਵੱਲੋਂ 4 ਜੂਨ ਦੀ ਮੀਟਿੰਗ ਵਿੱਚ ਜੇਕਰ ਮੰਗਾਂ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ ਤਾਂ ਠੇਕਾ ਮੁਲਾਜ਼ਮਾਂ ਵੱਲੋਂ ਵਿਉਂਤਬੰਦੀ ਕਰ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸੋਨੀ ਸਿੰਘ, ਪ੍ਰਦੀਪ ਸਿੰਘ ਛਾਹੜ, ਸ਼ਮਸ਼ੇਰ ਸਿੰਘ, ਜਸਵੀਰ ਸਿੰਘ ਭੀਖੀ, ਦਰਸ਼ਨ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਫਤਿਹਗੜ੍ਹ ਸਾਹਿਬ, ਮੇਵਾ ਸਿੰਘ ਸਰਦੂਲਗੜ੍ਹ, ਹਰਪ੍ਰੀਤ ਸਿੰਘ ਬਰੀਵਾਲਾ, ਕਰਨੈਲ ਸਿੰਘ ਫਤਿਹਗੜ੍ਹ ਸਾਹਿਬ, ਗਗਨ ਸਿੰਘ ਲਹਿਰਾ, ਸੇਵਕ ਸਿੰਘ ਲਹਿਰਾ, ਮੇਜਰ ਸਿੰਘ ਨਵਾਂ ਸ਼ਹਿਰ, ਬੀਰਬਲ ਦਾਸ ਭੀਖੀ, ਰਵੀ ਦੱਤ, ਜਰਮਨ ਸਿੰਘ ਸਰਦੂਲਗੜ੍ਹ, ਸੇਵਕ ਸਿੰਘ ਚੀਮਾ, ਜਗਧੀਰ ਸਿੰਘ ਲੋਂਗੋਵਾਲ, ਬਿਮਲ ਸ਼ਰਮਾ ਭਵਾਨੀਗੜ੍ਹ ਆਦਿ ਵੀ ਹਾਜਰ ਸਨ |