ਸੁਨਾਮ ਊਧਮ ਸਿੰਘ ਵਾਲਾ, 6 ਜੂਨ (ਸੱਗੂ, ਭੁੱਲਰ, ਧਾਲੀਵਾਲ) - ਸੇਵਾ ਕੇਂਦਰਾਂ ਦੇ ਕੱਚੇ ਮੁਲਾਜ਼ਮਾਂ ਤੇ ਵਰਦੀਆਂ ਡਾਂਗਾਂ 'ਚ ਗਲੀਆਂ ਵਿੱਚ ਭੱਜਦਿਆਂ ਨੂੰ ਬਚਾਉਣ ਪਹੁੰਚੀ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ | ਇਸ ਮੌਕੇ ਪਹੁੰਚੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸ਼ਾਂਤੀ ਰੋਸ਼ ਪ੍ਰਦਰਸ਼ਨ ਕੀਤਾ ਜਾਣ ਸੀ, ਮੌਜੂਦਾ ਪੰਜਾਬ ਸਰਕਾਰ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੀ ਸਹਿ ਤੇ ਜੋ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕੀਤਾ ਗਿਆ ਇਹ ਕਿਸੇ ਅੱਤਿਆਚਾਰ ਤੋਂ ਘੱਟ ਨਹੀਂ | ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਨੇ ਦੱਸਿਆ ਕਿ ਇਸ ਸਬੰਧੀ ਮੈਨੰੂ ਕਿਸੇ ਸੇਵਾ ਕੇਂਦਰ ਮੁਲਾਜ਼ਮ ਵੀਰ ਦੀ ਕਾਲ ਆਈ ਕਿ ਮੈਡਮ ਪੁਲਿਸ ਪ੍ਰਸ਼ਾਸਨ ਸਾਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਰੋਕ ਰਿਹਾ ਹੈ ਤੇ ਸਾਡੇ ਮੁਲਾਜ਼ਮਾਂ ਨੂੰ ਡਾਂਗਾਂ ਨਾਲ ਕੁੱਟ ਰਹੇ ਹਨ, ਅਸੀਂ ਜਾਖ਼ਲ ਰੋਡ 'ਤੇ ਵੱਖ-ਵੱਖ ਗਲੀਆਂ 'ਚ ਹਾਂ ਤਾਂ ਮੈਂ ਉਸ ਸਮੇਂ ਹੀ ਜਾਖ਼ਲ ਰੋਡ 'ਤੇ ਪਹੁੰਚ ਕੇ ਸੇਵਾ ਕੇਂਦਰ ਮੁਲਾਜ਼ਮ ਭੈਣਾਂ ਅਤੇ ਭਰਾਵਾਂ ਨੂੰ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਅਤੇ ਉਨ੍ਹਾਂ 'ਤੇ ਹੋਏ ਲਾਠੀਚਾਰਜ ਦੀ ਸਾਰੀ ਗੱਲ ਸੁਣੀ | ਇਸ ਮੌਕੇ ਦਾਮਨ ਬਾਜਵਾ ਨੇ ਮੌਜੂਦਾ ਪੰਜਾਬ ਸਰਕਾਰ ਤੇ ਇੱਥੋਂ ਦੇ ਵਿਧਾਇਕ ਅਮਨ ਅਰੋੜਾ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਇਹ ਸੇਵਾ ਕੇਂਦਰ ਵਾਲੇ ਮੁਲਾਜ਼ਮ ਤੁਹਾਡੇ ਕੋਲ ਆਪਣੀਆਂ ਮੰਗਾਂ ਲੈ ਕੇ ਆ ਰਹੇ ਹਨ ਤਾਂ ਤੁਹਾਡਾ ਤੁਹਾਡੀ ਆਪਣੀ ਸਰਕਾਰ ਹੋਣ ਦੇ ਨਾਤੇ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਜਾਵੇ ਤੇ ਉਸ ਤੇ ਵਿਚਾਰ ਕੀਤਾ ਜਾਵੇ ਨਾ ਕਿ ਇਨ੍ਹਾਂ ਨੂੰ ਇਨ੍ਹਾਂ ਦੀਆਂ ਮੰਗਾਂ ਸੁਣਨ ਦੇ ਬਦਲੇ ਡਾਂਗਾਂ ਮਾਰੀਆ ਜਾਣ | ਇਸ ਮੌਕੇ ਪਹੁੰਚੇ ਸੇਵਾ ਕੇਂਦਰ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਸ਼ਾਂਤੀਮਈ ਢੰਗ ਦੇ ਨਾਲ ਅਨਾਜ ਮੰਡੀ ਸੁਨਾਮ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਲਈ ਇਕੱਠੇ ਹੋ ਰਹੇ ਸੀ | ਪੁਲਿਸ ਪ੍ਰਸ਼ਾਸਨ ਵਲੋਂ ਸਾਨੂੰ ਡਾਂਗਾਂ ਮਾਰ ਮਾਰ ਕੇ ਕੁੱਟਿਆ ਗਿਆ ਅਤੇ ਸਾਡੇ ਇਕੱਠੇ ਹੋਏ ਸੇਵਾ ਕੇਂਦਰ ਮੁਲਾਜ਼ਮਾਂ ਨੂੰ ਵੱਖ-ਵੱਖ ਬੱਸਾਂ 'ਚ ਭਰ ਕੇ ਵੱਖ ਵੱਖ ਥਾਣਿਆਂ 'ਚ ਲੈ ਗਏ, ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਘਟੀਆ ਹਰਕਤ ਦਾ ਲੋਕ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਜਵਾਬ ਦੇਣਗੇ |