09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਡਾਕਟਰਾਂ ਦੀਆਂ ਡਿਊਟੀਆਂ ਬਹਾਲ ਰੱਖਣ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਮੰਗ-ਪੱਤਰ ਸੌਂਪਿਆ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸ਼ੇਰਪੁਰ, 11 ਜੂਨ (ਦਰਸ਼ਨ ਸਿੰਘ ਖੇੜੀ)-ਤਕਰੀਬਨ ਚਾਰ-ਪੰਜ ਮਹੀਨੇ ਪਹਿਲਾਂ ਸੜਕੀ ਤੇ ਕੁਦਰਤੀ ਹਾਦਸਿਆਂ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਸ਼ੇਰਪੁਰ ਦੇ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ) ਵਿਚ ਐਮਰਜੈਂਸੀ ਸੇਵਾਵਾਂ ਠੱਪ ਹੋਣ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ | ਜਿਸ ਦੇ ਚੱਲਦਿਆਂ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਵਲੋਂ ਹੋਰ ਇਨਸਾਫ਼ ਪਸੰਦ ਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਮਗਰੋਂ ਸਰਕਾਰ ਤੇ ਸਿਹਤ ਵਿਭਾਗ ਵਲੋਂ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਸੀ | ਪਰ ਹੁਣ ਦੁਬਾਰਾ ਸਿਵਲ ਸਰਜਨ ਸੰਗਰੂਰ ਦੇ ਦਸਤਖ਼ਤ ਹੇਠ ਜਾਰੀ ਹੋਏ ਪੱਤਰ ਅਨੁਸਾਰ ਇਨ੍ਹਾਂ ਤਿੰਨ ਡਾਕਟਰਾਂ ਨੂੰ ਵੱਖ-ਵੱਖ ਆਮ ਆਦਮੀ ਕਲੀਨਿਕਾਂ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ | ਇਨ੍ਹਾਂ ਡਾਕਟਰਾਂ ਦੀ ਬਦਲੀ ਹੋ ਜਾਣ ਕਾਰਨ ਸਰਕਾਰੀ ਹਸਪਤਾਲ ਸ਼ੇਰਪੁਰ ਦੀਆਂ ਐਮਰਜੈਂਸੀ ਸੇਵਾਵਾਂ ਮੁੜ ਬੰਦ ਹੋ ਜਾਣਗੀਆਂ | ਜਿਸ ਕਰਕੇ ਅੱਜ ਫਿਰ ਨਸ਼ਾ ਰੋਕੂ ਕਮੇਟੀ ਵਲੋਂ ਹੋਰ ਇਨਸਾਫ ਪਸੰਦ ਜਥੇਬੰਦੀਆਂ ਅਤੇ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਸ਼ੇਰਪੁਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ | ਜਥੇਬੰਦੀ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਦੱਸਿਆ ਕਿ ਉਪਰੰਤ ਸੀਨੀਅਰ ਮੈਡੀਕਲ ਅਫ਼ਸਰ ਸ਼ੇਰਪੁਰ ਜਸਦੀਪ ਸਿੰਘ ਨੂੰ ਸਿਹਤ ਮੰਤਰੀ ਪੰਜਾਬ ਦੇ ਨਾਂਅ ਇਨ੍ਹਾਂ ਡਾਕਟਰਾਂ ਦੀਆਂ ਡਿਊਟੀਆਂ ਨੂੰ ਉਸੇ ਤਰ੍ਹਾਂ ਨਾਲ ਬਹਾਲ ਰੱਖਣ ਤੇ ਪੱਕੇ ਤੌਰ 'ਤੇ ਚਾਰ ਡਾਕਟਰਾਂ ਦੀ ਨਿਯੁਕਤੀ ਕਰਨ ਬਾਰੇ ਮੰਗ-ਪੱਤਰ ਸੌਂਪਿਆ ਗਿਆ | ਆਗੂਆਂ ਵਲੋਂ ਇਸ ਮੰਗ-ਪੱਤਰ ਦੀ ਕਾਪੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਸਿਵਲ ਸਰਜਨ ਸੰਗਰੂਰ ਨੂੰ ਵੀ ਭੇਜੀ ਗਈ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਵਲੋਂ ਇਨ੍ਹਾਂ ਮੰਗਾਂ ਉੱਪਰ ਗ਼ੌਰ ਕਰਦੇ ਹੋਏ ਇਨ੍ਹਾਂ ਨੂੰ ਪੂਰਾ ਨਹੀ ਕੀਤਾ ਜਾਂਦਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਨਸ਼ਾ ਰੋਕੂ ਕਮੇਟੀ ਦੇ ਆਗੂ ਗੋਪੀ ਗਰੇਵਾਲ, ਸੂਬੇਦਾਰ ਮੇਜਰ ਹਰਜੀਤ ਸਿੰਘ, ਮਨਦੀਪ ਸਿੰਘ ਖੀਪਲ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਮੱਖਣ ਸਿੰਘ, ਅਮਨਪ੍ਰੀਤ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਸਵਰਨ ਸਿੰਘ, ਹਰਦੀਪ ਸਿੰਘ, ਬਹਾਦਰ ਸਿੰਘ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਸਾਨ ਆਗੂ ਸੁਖਦੀਪ ਸਿੰਘ ਖੇੜੀ ਕਲਾਂ, ਸਤਨਾਮ ਸਿੰਘ, ਹਰਮੇਲ ਸਿੰਘ ਹੇਲੀ ਖੇੜੀ, ਬਲਵੀਰ ਸਿੰਘ ਭੋਲਾ, ਤਰਸੇਮ ਸਿੰਘ ਬੀ. ਈ. ਈ. ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ | ਇਸ ਪੂਰੇ ਘਟਨਾਕ੍ਰਮ ਤੋਂ ਤੁਰੰਤ ਬਾਅਦ ਹਰਕਤ ਵਿਚ ਆਉਂਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਦਖ਼ਲ ਦੇਣ ਉਪਰੰਤ ਸਿਵਲ ਸਰਜਨ ਸੰਗਰੂਰ ਵਲੋਂ ਤੁਰੰਤ ਪ੍ਰਭਾਵ ਨਾਲ ਜ਼ਿਲੇ੍ਹ ਦੇ ਦੋ ਵੱਖ-ਵੱਖ ਹਸਪਤਾਲਾਂ ਵਿਚੋਂ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਬਹਾਲ ਰੱਖਣ ਲਈ ਦੋ ਡਾਕਟਰਾਂ ਦੀ ਸ਼ੇਰਪੁਰ ਵਿਖੇ ਬਦਲੀ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਨਵੀਂ ਬਣੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦਾ ਉਦਘਾਟਨ ਅਗਲੀ ਖ਼ਬਰ ਸੰਗਰੂਰ ਦੇ ਵਿਰਾਸਤੀ ਬਨਾਸਰ ਬਾਗ਼ 'ਚ ਲਗਾਤਾਰ ਤੀਜੀ ਵਾਰ ਅੱਗ ਲਗਾਉਣ ਦੀ ਵਾਪਰੀ ਘਟਨਾ
Ad Position 24