02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਖਟਾਰਾ ਈ-ਪੋਸ਼ ਮਸ਼ੀਨਾਂ ਤੇ ਬੇਲੋੜੇ ਹੁਕਮਾਂ ਕਾਰਨ ਲੱਖਾਂ ਰਾਸ਼ਨ ਕਾਰਡ ਧਾਰਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 13-06-2026

ਲੌਂਗੋਵਾਲ, 12 ਜੂਨ (ਵਿਨੋਦ ਸ਼ਰਮਾ) - ਖ਼ੁਰਾਕ ਸਪਲਾਈ ਵਿਭਾਗ ਵੱਲੋਂ ਰਾਸ਼ਨ ਦੀ ਵੰਡ ਲਈ ਡੀਪੂ ਹੋਲਡਰਾਂ ਨੂੰ ਜ਼ਾਰੀ ਕੀਤੀਆਂ ਈ-ਪੋਸ਼ ਮਸ਼ੀਨਾਂ, ਕੰਡੇ ਅਤੇ ਵਿਭਾਗ ਦੇ ਨਵੇਂ ਫੁਰਮਾਨ ਆਮ ਲੋਕਾਂ ਲਈ ਨਾ ਸਿਰਫ਼ ਖੱਜਲ ਖੁਆਰੀ ਦਾ ਕਾਰਨ ਬਣੇ ਹੋਏ ਹਨ ਸਗੋਂ ਲੋਕਾਂ ਨੂੰ ਇਸ ਕਾਰਨ ਬੇਹੱਦ ਭਾਰੀ ਕਸ਼ਟ ਭੋਗਣਾ ਪੈ ਰਿਹਾ ਹੈ | ਅਤਿ ਆਧੁਨਿਕ ਤਕਨੀਕ ਦੇ ਦਾਅਵੇ ਕਰ ਕੇ ਜ਼ਾਰੀ ਕੀਤੀਆਂ ਈ-ਪੋਸ਼ ਮਸ਼ੀਨਾਂ ਅਤੇ ਕੰਡੇ ਡੀਪੂ ਹੋਲਡਰਾਂ ਦੇ ਜੀਅ ਦਾ ਜੰਜਾਲ ਬਣ ਗਏ ਹਨ | ਇਸ ਕਾਰਨ ਲੋਕ ਕੜਕਦੀ ਧੁੱਪ ਵਿਚ ਕਤਾਰਾਂ ਵਿਚ ਲੱਗਣ ਲਈ ਮਜਬੂਰ ਹਨ | ਬੱਚੇ, ਬਜ਼ੁਰਗ ਅਤੇ ਅÏਰਤਾਂ ਲਈ ਰਾਸ਼ਨ ਪ੍ਰਾਪਤ ਕਰਨਾ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ | ਪੰਜਾਬ ਵਿੱਚ ਸਾਢੇ 18 ਹਜ਼ਾਰ ਰਾਸ਼ਨ ਡੀਪੂ ਹਨ ਅਤੇ 40 ਲੱਖ ਪਰਿਵਾਰ ਮੁਫ਼ਤ ਰਾਸ਼ਨ ਦਾ ਲਾਭ ਉਠਾਉਂਦੇ ਹਨ | ਪੰਜਾਬ ਦੇ ਲਾਭਪਾਤਰੀਆਂ ਨੂੰ ਪ੍ਰਤੀ ਜੀਅ 5 ਕਿੱਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਹਰ ਤਿੰਨ ਮਹੀਨੇ ਬਾਅਦ 15 ਕਿੱਲੋ ਮੁਫ਼ਤ ਅਨਾਜ ਦਿੱਤਾ ਜਾਂਦਾ ਹੈ | ਪਿਛਲੇ ਲੰਮੇ ਸਮੇਂ ਤੋਂ ਡੀਪੂ ਹੋਲਡਰਾਂ ਵੱਲੋਂ ਤਿੰਨ ਮਹੀਨੇ ਦਾ ਅਨਾਜ ਇੱਕੋ ਪਰਚੀ ਕੱਢ ਕੇ ਦਿੱਤਾ ਜਾ ਰਿਹਾ ਹੈ | ਪ੍ਰੰਤੂ ਹੁਣ ਤਿੰਨ ਮਹੀਨੇ ਦੇ ਅਨਾਜ ਲਈ ਤਿੰਨ ਪਰਚੀਆਂ ਵੱਖ-ਵੱਖ ਕੱਢਣੀਆਂ ਪੈ ਰਹੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਦਿੱਤੀ ਜਾ ਰਹੀ ਫੂਡ ਕਿੱਟ ਲਈ ਇਕ ਹੋਰ ਪਰਚੀ ਵੱਖਰੇ ਤੌਰ ਉੱਤੇ ਕੱਢੀ ਜਾ ਰਹੀ ਹੈ | ਇਸ ਸਾਰੇ ਵਰਤਾਰੇ ਵਿਚ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਸਰਕਾਰ ਦੀ ਅਖੌਤੀ ਆਧੁਨਿਕ ਈ-ਪੋਸ਼ ਮਸ਼ੀਨ ਅਤੇ ਕੰਡੇ ਬਣੇ ਹੋਏ ਹਨ | ਈ-ਪੋਸ਼ ਮਸ਼ੀਨ ਦੀ ਗਤੀ ਇੰਨੀ ਧੀਮੀ ਹੈ ਕਿ ਡੀਪੂ ਹੋਲਡਰ ਸਮੇਤ ਕੜਕਦੀ ਧੁੱਪ ਵਿਚ ਕਤਾਰ ਵਿਚ ਲੱਗੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ | ਇੱਕ ਲਾਭ ਪਾਤਰੀ ਦੀ ਇਕ ਪਰਚੀ ਕੱਢਣ ਨੂੰ ਹੀ 10 ਤੋਂ 15 ਮਿੰਟ ਤੱਕ ਦਾ ਸਮਾਂ ਲੱਗ ਜਾਂਦਾ ਹੈ | ਇਸ ਮਸ਼ੀਨ ਵਿਚਲਾ ਸਿੰਮ ਅਤੇ ਤਕਨੀਕ ਨੈੱਟਵਰਕ ਨੂੰ ਸਪੋਰਟ ਹੀ ਨਹੀਂ ਕਰਦਾ | ਕਈ ਵਾਰ ਤਾਂ ਪੂਰੇ ਪ੍ਰੋਸੈਸ ਦੇ ਅੰਤਿਮ ਪਲਾਂ ਵਿੱਚ ਜਾ ਕੇ ਮਸ਼ੀਨ ਜਵਾਬ ਦੇ ਜਾਂਦੀ ਹੈ ਅਤੇ ਸਾਰਾ ਵਰਤਾਰਾ ਦੁਬਾਰਾ ਤੋਂ ਅਮਲ ਵਿੱਚ ਲਿਆਉਣਾ ਪੈਂਦਾ ਹੈ | ਵੱਖੋ ਵੱਖਰੀਆਂ ਪਰਚੀਆਂ ਕੱਢਣ ਦੇ ਬੇਲੋੜੇ ਹੁਕਮਾਂ ਕਾਰਨ ਪਹਿਲਾਂ ਦੇ ਮੁਕਾਬਲੇ ਚਾਰ ਗੁਣਾਂ ਸਮਾਂ ਵਧੇਰੇ ਲੱਗ ਰਿਹਾ ਹੈ ਜਦਕਿ ਅਨਾਜ ਤਿੰਨ ਮਹੀਨਿਆਂ ਦਾ ਪਹਿਲਾਂ ਵਾਂਗ ਹੁਣ ਵੀ ਇਕੱਠਾ ਹੀ ਦਿੱਤਾ ਜਾ ਰਿਹਾ ਹੈ | ਰਹਿੰਦੀ ਕਸਰ ਇਨ੍ਹਾਂ ਮਸ਼ੀਨਾਂ ਨਾਲ ਜੁੜੇ ਕੰਡਿਆ ਰਾਹੀਂ ਨਿਕਲ ਜਾਂਦੀ ਹੈ ਜੋਕਿ ਅਕਸਰ ਖ਼ਰਾਬ ਹੀ ਰਹਿੰਦੇ ਹਨ | ਇਸ ਸਬੰਧ ਵਿਚ ਰਾਸ਼ਨ ਡੀਪੂ ਹੋਲਡਰਾਂ ਦੀ ਜਥੇਬੰਦੀ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੀਪੂ ਹੋਲਡਰਾਂ ਨੂੰ ਜਦੋਂ ਈ-ਪੋਸ਼ ਮਸ਼ੀਨਾਂ ਦਿੱਤੀਆਂ ਗਈਆਂ ਸਨ ਤਾਂ ਇਹਨਾਂ ਦੇ ਆਧੁਨਿਕ ਹੋਣ ਦੇ ਦਾਅਵੇ ਕੀਤੇ ਗਏ ਸਨ, ਪ੍ਰੰਤੂ ਹੁਣ ਇਹ ਮਸ਼ੀਨਾਂ ਖ਼ਟਾਰਾ ਸਿੱਧ ਹੋ ਗਈਆਂ ਹਨ | ਸਰਕਾਰ ਵੱਲੋਂ ਵੱਖ ਵੱਖ ਪਰਚੀਆਂ ਕੱਢਣ ਦਾ ਨਾਦਰਸ਼ਾਹੀ ਫੁਰਮਾਨ ਡੀਪੂ ਹੋਲਡਰਾਂ ਅਤੇ ਲੋਕਾਂ ਲਈ ਸਰਾਸਰ ਧੱਕਾ ਹੈ | ਉਨ੍ਹਾਂ ਦੱਸਿਆ ਕਿ ਮੁਫ਼ਤ ਅਨਾਜ ਦੀ ਯੋਜਨਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਹਰ ਮਹੀਨੇ ਰਾਸ਼ਨ ਵੰਡਣ ਦੇ ਹੁਕਮ ਜਾਰੀ ਕੀਤੇ ਹਨ | ਪ੍ਰੰਤੂ ਸੂਬਾ ਸਰਕਾਰ ਤਿੰਨ ਮਹੀਨਿਆਂ ਦੀਆਂ ਪਰਚੀਆਂ ਅਤੇ ਤਿੰਨ ਮਹੀਨਿਆਂ ਦਾ ਰਾਸ਼ਨ ਇੱਕੋ ਵਾਰ ਵਿਚ ਦੇ ਕੇ ਵੱਡਾ ਝੋਲ ਮੋਲ ਕਰ ਰਹੀ ਹੈ | ਸੂਬਾ ਪ੍ਰਧਾਨ ਕਾਂਝਲਾ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਫੂਡ ਕਿੱਟ ਤੇ ਵੀ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਇਸ ਸਕੀਮ ਨੂੰ ਜਨਤਾ ਨਾਲ ਵਿਸ਼ਵਾਸਘਾਤ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਣਕ ਦੀਆਂ ਪਰਚੀਆਂ ਤਿਨ ਨਿਕਲ ਰਹੀਆਂ ਹਨ ਤਾਂ ਫੂਡ ਕਿੱਟ ਦੀ ਪਰਚੀ ਇੱਕ ਕਿਉਂ ਨਿਕਲ ਰਹੀ ਹੈ | ਫੂਡ ਕਿੱਟ ਦੇਣ ਦੀਆਂ ਪਰਚੀਆਂ ਵੀ ਤਿੰਨ ਹੀ ਨਿਕਲਣੀਆਂ ਚਾਹੀਦੀਆਂ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਸ਼ੀਨਾਂ ਅਤੇ ਕੰਡਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਠੇਕੇਦਾਰ ਨੂੰ ਠੇਕਾ ਦਿੱਤਾ ਹੋਇਆ ਹੈ ਪ੍ਰੰਤੂ ਕਿਸੇ ਦੀ ਵੀ ਇਸ ਕੰਮ ਵੱਲ ਉੱਕਾ ਹੀ ਗ਼ੌਰ ਨਹੀਂ ਹੈ | ਵੇਲਾ ਵਿਹਾ ਚੁੱਕੀਆਂ ਤਕਨੀਕਾਂ ਨੂੰ ਅੱਪਡੇਟ ਨਹੀਂ ਕੀਤਾ ਗਿਆ | ਉਨ੍ਹਾਂ ਇਹ ਵੀ ਦਸਿਆ ਕਿ ਸੂਬਾ ਸਰਕਾਰ ਨੇ ਕਿਟਾਂ ਤਿਆਰ ਕਰਨ ਲਈ ਕਰੋੜਾਂ ਰੁਪਏ ਫ਼ੋਟੋਆਂ ਛਾਪਣ ਤੇ ਤਾਂ ਖ਼ਰਚ ਦਿੱਤੇ ਹਨ ਪ੍ਰੰਤੂ ਡੀਪੂ ਹੋਲਡਰ ਨੂੰ ਕਿੱਟ ਲਈ ਕਮਿਸ਼ਨ ਦੀ ਦੁਆਨੀ ਵੀ ਨਹੀਂ ਦਿੱਤੀ ਜਾ ਰਹੀ ਅਤੇ ਕਣਕ ਉੱਤੇ ਵੀ ਪੂਰੇ ਭਾਰਤ ਵਿਚੋਂ ਪੰਜਾਬ ਵਿੱਚ ਸਭ ਤੋਂ ਘੱਟ ਕਮਿਸ਼ਨ ਦਿੱਤਾ ਜਾ ਰਿਹਾ ਹੈ | ਜਦ ਕਿ ਡੀਪੂ ਹੋਲਡਰ ਵੱਲੋਂ ਲਾਭਪਾਤਰੀਆਂ ਲਈ ਪੀਣ ਵਾਲੇ ਪਾਣੀ ਅਤੇ ਛਾਂ ਦੇ ਪ੍ਰਬੰਧ ਆਪਣੇ ਤੌਰ ਉੱਤੇ ਹੀ ਕੀਤੇ ਹੋਏ ਹਨ | ਉਨ੍ਹਾਂ ਮੰਗ ਕੀਤੀ ਕਿ ਈ-ਪੋਸ਼ ਮਸ਼ੀਨਾਂ ਅਤੇ ਕੰਡਿਆਂ ਨੂੰ ਅੱਪਡੇਟ ਕੀਤਾ ਜਾਵੇ, ਲਾਭਪਾਤਰੀਆਂ ਨੂੰ ਹਰ ਮਹੀਨੇ ਦੀ ਪਰਚੀ ਨਾਲ ਫੂਡ ਕਿੱਟ ਦਿੱਤੀ ਜਾਵੇ ਅਤੇ ਰਾਸ਼ਨ ਕਾਰਡਾਂ ਵਿੱਚ ਪਰਿਵਾਰ ਦੇ ਜੀਆਂ ਦੇ ਨਾਮ ਚੜਾਏ ਜਾਣ ਨਹੀਂ ਤਾਂ ਆਉਂਦੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਵਪਾਰੀਆਂ ਨੂੰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ-ਨਰਿੰਦਰ ਕੌਰ ਭਰਾਜ ਅਗਲੀ ਖ਼ਬਰ ਦੋਦਾ ਇਲਾਕੇ 'ਚ ਤੇਜ਼ ਹਨੇਰੀ ਅਤੇ ਗੜੇਮਾਰੀ ਨਾਲ ਵੱਡਾ ਨੁਕਸਾਨ
Ad Position 24
No active advertisement