ਲਹਿਰਾਗਾਗਾ, 13 ਜੂਨ (ਅਸ਼ੋਕ ਗਰਗ) - ਸਥਾਨਕ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ 'ਚ ਰੱਖਦਿਆਂ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ ਵਲੋਂ ਰਾਮੇਵਾਲੀ ਖੂਹੀ ਵਾਲੀ ਸੜਕ ਉੱਪਰ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦੇ ਹੋਏ ਪਹਿਲ ਦੇ ਆਧਾਰ 'ਤੇ ਅਮਲ 'ਚ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ਼ਿਵ ਮੰਦਰ ਤੋਂ ਲੈ ਕੇ ਰਾਮੇ ਵਾਲੀ ਖੂਹੀ ਤੇ ਸ਼ਹਿਰ ਵਿਚ ਟੁੱਟੀਆਂ ਸੜਕਾਂ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਕਾਰਨ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਬਰਸਾਤ ਦੇ ਦਿਨਾਂ ਵਿੱਚ ਸੜਕਾਂ 'ਤੇ ਪਾਣੀ ਖੜ੍ਹਾ ਹੋ ਜਾਣ ਅਤੇ ਨਾਲੀਆਂ ਦੇ ਜਾਮ ਹੋਣ ਕਾਰਨ ਹਾਲਾਤ ਹੋਰ ਵੀ ਮੁਸ਼ਕਿਲ ਬਣ ਜਾਂਦੇ ਸਨ | ਇੰਟਰਲਾਕ ਟਾਈਲਾਂ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ | ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਸ਼ਹਿਰ ਦੇ ਹੋਰ ਲੋੜਵੰਦ ਇਲਾਕਿਆਂ 'ਚ ਵੀ ਵਿਕਾਸ ਕਾਰਜ ਜਲਦ ਕਰਵਾਏ ਜਾਣਗੇ ਅਤੇ ਕਿਸੇ ਵੀ ਜਾਇਜ਼ ਕੰਮ ਨੂੰ ਅਣਦੇਖਿਆ ਨਹੀਂ ਕੀਤਾ ਜਾਵੇਗਾ | ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁੱਝ ਲੋਕ ਵਿਕਾਸ ਕਾਰਜਾਂ ਵਿੱਚ ਕਮੀ ਲੱਭਣ ਵਿੱਚ ਲੱਗੇ ਹੋਏ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਕੌਂਸਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਇਆ ਜਾ ਰਿਹਾ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੀਸ਼ਪਾਲ ਆਨੰਦ, ਸੀਨੀਅਰ ਆਗੂ ਅਜੇ ਕੁਮਾਰ ਠੋਲੀ, ਰਤਨ ਸ਼ਰਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਕਪਲਾਸ਼ ਤਾਇਲ, ਦਰਬਾਰਾ ਸਿੰਘ ਹੈਪੀ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਮੌਜੂਦ ਸਨ |