ਧੂਰੀ, 14 ਜੂਨ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਫਲੈਕਸਾਂ ਰਾਹੀਂ ਕ੍ਰਾਂਤੀ ਦੇ ਸੁਪਨੇ ਵਿਖਾਏ ਜਾ ਰਹੇ ਹਨ, ਜਦਕਿ ਹਕੀਕਤ ਕੁੱਝ ਹੋਰ ਹੈ | ਧੂਰੀ ਵਿਖੇ ਬੀ ਐਸ ਐਨ ਐਲ ਟਾਵਰ ਮੋਰਚੇ ਵਿਚ ਹੱਕੀ ਮੰਗਾਂ ਲਈ ਜਾਨ ਜੋਖ਼ਮ ਵਿਚ ਪਾਈ ਬੈਠੇ ਹਰਜੀਤ ਸਿੰਘ ਨੂੰ ਸਮਰਥਨ ਦੇਣ ਲਈ ਪੈਨਸ਼ਨਰ ਸਾਥੀਆਂ ਨਾਲ ਸ਼ਮੂਲੀਅਤ ਕਰਦਿਆਂ ਸੁਖਦੇਵ ਸ਼ਰਮਾ ਨੇ ਕਿਹਾ 5994 ਈ.ਟੀ.ਟੀ. ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਾ ਦੇ ਕੇ ਸਰਕਾਰ ਨੇ ਮੁਲਾਜ਼ਮ ਵਿਰੋਧੀ ਰਵੱਈਆ ਧਾਰਨ ਕਰ ਰੱਖਿਆ ਹੈ | ਸਰਕਾਰ ਨੇ ਬਿਆਨਾਂ ਰਾਹੀਂ ਪੰਜਾਬ ਨੂੰ ਰੰਗਲਾ ਬਣਾ ਰੱਖਿਆ ਹੈ ਜਦਕਿ ਅਸਲੀਅਤ ਵਿਚ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖੀ ਜਾ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਧਰਨਿਆਂ ਰਾਹੀਂ ਬਣੀ ਸਰਕਾਰ ਨੇ ਧਰਨਿਆਂ ਨੂੰ ਰੋਕਣ ਲਈ ਪੰਜਾਬ ਨੂੰ ਪੁਲਿਸ ਸਟੇਟ ਵਿਚ ਤਬਦੀਲ ਕਰ ਦਿੱਤਾ ਹੈ | ਸਰਕਾਰ ਸੰਘਰਸ਼ ਵਾਲੀ ਥਾਂ ਪੁਲਿਸ ਬਲ ਪ੍ਰਯੋਗ ਕਰ ਕੇ ਧਰਨਾਕਾਰੀਆਂ 'ਤੇ ਅੰਨਾ ਤਸ਼ੱਦਦ ਕਰਨ ਦੇ ਰਾਹ ਪਈ ਹੈ | ਸਿੰਗਾਪੁਰ ਅਤੇ ਫਿਨਲੈਂਡ ਤੋਂ ਪ੍ਰਾਪਤ ਟਰੇਨਿੰਗ ਸਕੂਲਾਂ ਵਿਚ ਸਟਾਫ਼ ਦੀ ਘਾਟ ਕਾਰਨ ਨਿਸ਼ਫਲ ਹੋ ਰਹੀ ਹੈ | ਇਕੱਲੇ ਪਿ੍ੰਸੀਪਲਾਂ ਦੀਆਂ ਅੱਧ ਤੋਂ ਵੱਧ ਖਾਲੀ ਪੋਸਟਾਂ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਕਾਫੀ ਹਨ | ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਹਠੀ ਰਵੱਈਆ ਛੱਡ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ | ਉਨ੍ਹਾਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਸੰਘਰਸ਼ਸ਼ੀਲ ਧਿਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ |