ਚੀਮਾ ਮੰਡੀ, 14 ਜੂਨ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ)- ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵੱਡੀ ਗਿਣਤੀ ਅਸਾਮੀਆਂ ਭਰਤੀ ਕੀਤੇ ਜਾਣ ਦਾ ਪ੍ਰਚਾਰ ਕਰ ਰਹੀ ਹੈ | ਇਸ ਸਬੰਧੀ ਪੰਜਾਬ ਅੰਦਰ ਸਿੱਖਿਆ ਅਤੇ ਸਿਹਤ ਕ੍ਰਾਂਤੀ ਆਉਣ ਦੇ ਦਾਅਵੇ ਕਰ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪਿੰਡਾਂ 'ਚ ਸੱਥਾਂ ਲਾ ਕੇ ਆਪਣੇ ਉਸ ਚੋਣ ਵਾਅਦੇ ਨੂੰ ਪੂਰਾ ਕਰਨ ਦਾ ਦਾਅਵਾ ਕਰ ਰਹੇ ਹਨ, ਜਿਸ 'ਚ ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ ਵਿਚੋਂ ਚਲਾਉਣ ਦਾ ਵਾਅਦਾ ਕੀਤਾ ਸੀ | ਉਸ ਮੌਕੇ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰ ਰਹੇ ਪਿਛਲੇ ਕਰੀਬ ਛੇ ਮਹੀਨੇ ਤੋਂ ਸੰਗਰੂਰ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਪੱਕਾ ਧਰਨਾ ਲਗਾ ਕੇ ਬੈਠੇ 'ਬੇਰੁਜ਼ਗਾਰ ਸਾਂਝੇ ਮੋਰਚੇ' ਨੇ ਰੁਜ਼ਗਾਰ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਅੰਦਰ 'ਬੇਰੁਜ਼ਗਾਰਾਂ ਦੀ ਸੱਥ' ਲਾਉਣ ਦਾ ਐਲਾਨ ਕੀਤਾ ਹੈ | ਪਿਛਲੇ ਦਿਨੀਂ ਬੇਰੁਜ਼ਗਾਰਾਂ ਨੇ ਸੰਗਰੂਰ ਸ਼ਹਿਰ ਦੇ ਮੁੱਖ ਬਾਜ਼ਾਰ ਦੇ ਵੱਡਾ ਚੌਕ 'ਚ ਵੀ ਅਜਿਹੀ ਹੀ ਸੱਥ ਲਗਾਈ ਸੀ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸ਼ੇਖ਼ਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਸਲ ਵਿੱਚ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਲੋਕਾਂ ਅੰਦਰ ਵੱਡੀ ਗਿਣਤੀ ਵਿੱਚ ਰੁਜ਼ਗਾਰ ਦਿੱਤੇ ਜਾਣ ਦਾ ਪ੍ਰਚਾਰ ਕਰ ਰਹੀ ਹੈ | ਸਰਕਾਰੀ ਅੰਕੜੇ 67 ਹਜ਼ਾਰ ਸਰਕਾਰੀ ਨੌਕਰੀਆਂ ਅਤੇ 17 ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ ਦੀ ਗੱਲ ਕਰਦੇ ਹਨ | ਜਦਕਿ ਅਮਲੀ ਰੂਪ ਵਿੱਚ ਸਿੱਖਿਆ ਵਿਭਾਗ ਅੰਦਰ ਨਰਸਰੀ ਤੋਂ ਸਹਾਇਕ ਪ੍ਰੋਫੈਸਰ ਤੱਕ ਦੇ ਸਾਰੇ ਕਾਡਰਾਂ ਦੀ ਇੱਕ ਵੀ ਨਵੀਂ ਅਸਾਮੀ ਇਸ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਜਾਰੀ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਜਨਤਕ ਬਹਿਸ ਲਈ ਸੱਦਾ ਦਿੰਦੇ ਆ ਰਹੇ ਹਨ, ਹੁਣ ਉਹ ਮੁੱਖ ਮੰਤਰੀ ਦੇ ਜੱਦੀ ਪਿੰਡ ਵਿਖੇ 'ਬੇਰੁਜ਼ਗਾਰਾਂ ਦੀ ਸੱਥ' ਲਾ ਕੇ ਮੁੱਖ ਮੰਤਰੀ ਦੀ ਕੁਰਸੀ ਰੱਖ ਕੇ, ਮੁੱਖ ਮੰਤਰੀ ਨੂੰ ਇਸ ਬਹਿਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣਗੇ | ਉਨ੍ਹਾਂ ਸਮੂਹ ਬੇਰੁਜ਼ਗਾਰਾਂ ਨੂੰ 15 ਜੂਨ ਨੂੰ ਸਵੇਰੇ 11 ਵਜੇ ਪਿੰਡ ਬੀਰ ਕਲਾਂ ਪਹੁੰਚਣ ਦੀ ਅਪੀਲ ਕੀਤੀ, ਜਿੱਥੋਂ ਬੇਰੁਜ਼ਗਾਰ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਪਿੰਡ ਸਤੌਜ ਵੱਲ ਨੂੰ ਕੂਚ ਕਰਨਗੇ |