ਮਾਲੇਰਕੋਟਲਾ, 23 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ, ਮੁਹੰਮਦ ਹਨੀਫ ਥਿੰਦ)- ਹਾਲ ਹੀ ’ਚ ਹੋਈਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਉਪਰੰਤ ਅੱਜ ਨਗਰ ਕੌਂਸਲ ਮਾਲੇਰਕੋਟਲਾ ਦੇ ਚੇਅਰਪਰਸਨ, ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਈਸ ਪ੍ਰਧਾਨ ਦੀ ਚੋਣ ਪ੍ਰਕਿਰਿਆ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਕਨੂੰ ਗਰਗ ਦੀ ਨਿਗਰਾਨੀ ਹੇਠ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਸੰਪੰਨ ਹੋਈ । ਇਸ ਮੌਕੇ ਐਸ.ਡੀ.ਐਮ. ਕਨੂ ਗਰਗ ਨੇ ਨਵੇਂ ਚੁਣੇ ਮਿਊਸਪਲ ਕੌਂਸਲਰਾਂ ਨੂੰ ਸਹੁੰ ਵੀ ਚੁਕਾਈ । ਚੋਣ ਦੌਰਾਨ ਸਥਾਨਕ ਵਾਰਡ ਨੰਬਰ 13 ਤੋਂ ਕੌਂਸਲਰ ਅਖਤਰੀ ਖਾਤੂਨ ਨੂੰ ਨਗਰ ਕੌਂਸਲ ਮਾਲੇਰਕੋਟਲਾ ਦਾ ਚੇਅਰਪਰਸਨ ਚੁਣਿਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 32 ਤੋਂ ਕੌਂਸਲਰ ਆਇਸ਼ਾ ਕੁਰੈਸੀ ਨੂੰ ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਰਡ ਨੰਬਰ 18 ਤੋਂ ਕੌਂਸਲਰ ਮੁਹੰਮਦ ਬਸ਼ੀਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਚੋਣ ਕਰਵਾਉਣ ਨਈ ਨਿਯੁਕਤ ਕੀਤੇ ਅਬਜ਼ਰਬਰ ਕਮ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ, ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਮੌਜੂਦ ਰਹੇ ।ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਲੇਰਕੋਟਲਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਪੱਖੀ ਸੋਚ ‘ਤੇ ਵਿਸ਼ਵਾਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਾਲੇਰਕੋਟਲਾ ਦੇ ਵਿਕਾਸ ਨੂੰ ਹੋਰ ਗਤੀ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਹਰ ਖੇਤਰ ’ਚ ਤਰੱਕੀ ਦੇ ਨਵੇਂ ਮਾਪਦੰਡ ਸਥਾਪਤ ਕੀਤੇ ਜਾਣਗੇ। ਇਸ ਮੌਕੇ ਵਿਸ਼ੇਸ ਤੌਰ ’ਤੇ ਪੁੱਜੇ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਨਵ ਨਿਯੁਕਤ ਟੀਮ ਨੂੰ ਵਧਾਈ ਦਿੰਦਿਆਂ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਲਈ ਪਾਰਟੀਬਾਜੀ ਤੋਂ ਉਪਰ ਉਠਕੇ ਵਿਕਾਸ ਕਾਰਜਾਂ ਲਈ ਟੀਮ ਵਜੋਂ ਕੰਮ ਕਰਨ ਦੀ ਅਪੀਲ ਕੀਤੀ । ਆਮ ਆਦਮੀ ਪਾਰਟੀ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਨਵੇਂ ਚੁਣੇ ਗਏ ਨਗਰ ਕੌਂਸਲ ਮਲੇਰਕੋਟਲਾ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਚੋਣ ਮਲੇਰਕੋਟਲਾ ਦੇ ਲੋਕਾਂ ਵੱਲੋਂ ਵਿਕਾਸ, ਪਾਰਦਰਸ਼ਤਾ ਅਤੇ ਲੋਕ-ਪੱਖੀ ਪ੍ਰਸ਼ਾਸਨ ‘ਤੇ ਪ੍ਰਗਟਾਏ ਗਏ ਭਰੋਸੇ ਦੀ ਜਿੱਤ ਹੈ। ਇਸ ਮੌਕੇ ਵਿਧਾਇਕ ਰਹਿਮਾਨ ਦੀ ਪਤਨੀ ਮੈਡਮ ਫਰੀਆਲ ਰਹਿਮਾਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਡੀ ਐਸ ਪੀ ਮਾਨਵਜੀਤ ਸਿੰਘ ਨਗਰ ਕੌਂਸਲ ਮਾਲੇਰਕੋਟਲਾ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।
ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨਗੀ ਦੀ ਚੋਣ ਸ਼ਾਂਤੀਪੂਰਨ ਸੰਪੰਨ
ਅਜੀਤ ਡੈਸਕ
23-06-2026