ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਦੀ ਗ੍ਰਾਮ ਪੰਚਾਇਤ ’ਚ ਅਧਿਕਾਰਤ ਪੰਚ ਦੀ ਚੋਣ ਨੂੰ ਲੈ ਕੇ ਅੱਜ ਚੁਣੇ ਹੋਏ ਸਮੂਹ ਪੰਚ ਬਹੁਮਤ ਦਾ ਪ੍ਰਸਤਾਵ ਲੈ ਕੇ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਪੁੱਜੇ, ਪਰ ਨਿਰਧਾਰਿਤ ਸਮੇਂ ’ਤੇ ਚੋਣ ਪ੍ਰਕਿਰਿਆ ਨਾ ਹੋਣ ਕਾਰਨ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਪੰਚਾਂ ਨੇ ਦੋਸ਼ ਲਗਾਇਆ ਕਿ 2 ਜੁਲਾਈ ਨੂੰ ਸਰਪੰਚ ਸੁਖਦੀਪ ਕੌਰ ਨੂੰ ਮੁਅੱਤਲ ਕਰਨ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਲੋਂ ਚੁਣੇ ਹੋਏ ਪੰਚਾਂ ਵਿਚੋਂ ਅਧਿਕਾਰਤ ਸਰਪੰਚ ਦੀ ਚੋਣ ਕਰਨ ਦੇ ਹੁਕਮ ਜਾਰੀ ਕਰਦਿਆਂ 13 ਜੁਲਾਈ ਨੂੰ ਚੋਣ ਕਰਵਾਉਣ ਲਈ ਮੀਟਿੰਗ ਤੈਅ ਕੀਤੀ ਗਈ ਸੀ। ਉਹ ਸਾਰੇ ਪੰਚ ਸਮੇਂ ਸਿਰ ਜਦੋਂ ਬੀ.ਡੀ.ਪੀ.ਓ. ਦਫ਼ਤਰ ਪੁੱਜੇ, ਪਰ ਬੀ.ਡੀ.ਪੀ.ਓ. ਅਤੇ ਨਿਯੁਕਤ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਚੋਣ ਨਹੀਂ ਹੋ ਸਕੀ। ਇਸ ਮੌਕੇ ਪੰਚ ਏਕਮ ਸਿੰਘ, ਗੁਰਮੀਤ ਸਿੰਘ, ਬੇਅੰਤ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਅਮਰਜੀਤ ਕੌਰ, ਹਰਜੀਤ ਕੌਰ, ਮਨਜੀਤ ਕੌਰ ਅਤੇ ਕਿਰਨਪਾਲ ਕੌਰ ਨੇ ਕਿਹਾ ਕਿ ਪੰਚਾਇਤ ’ਚ ਉਨ੍ਹਾਂ ਦਾ ਸਪਸ਼ਟ ਬਹੁਮਤ ਹੈ ਅਤੇ ਵਿਭਾਗੀ ਹੁਕਮਾਂ ਅਨੁਸਾਰ ਅਧਿਕਾਰਤ ਪੰਚ ਦੀ ਚੋਣ ਤੁਰੰਤ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਜਲਦ ਚੋਣ ਨਾ ਕਰਵਾਈ ਗਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਮੌਕੇ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਵੀ ਪੰਚਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਚੁਣੇ ਹੋਏ ਪੰਚਾਂ ਦਾ ਸਪਸ਼ਟ ਬਹੁਮਤ ਮੌਜੂਦ ਹੈ ਤਾਂ ਚੋਣ ਵਿਚ ਦੇਰੀ ਕਿਉਂ? ਅਤੇ ਜਦੋਂ ਤੱਕ ਮੁਅੱਤਲ ਸਰਪੰਚ ਸੁਖਦੀਪ ਕੌਰ ਦੀ ਬਹਾਲੀ ਨਹੀਂ ਹੁੰਦੀ, ਉਦੋਂ ਤੱਕ ਵਿਭਾਗੀ ਹੁਕਮਾਂ ਅਨੁਸਾਰ ਚੁਣੇ ਹੋਏ ਪੰਚਾਂ ਵਿਚੋਂ ਅਧਿਕਾਰਤ ਪੰਚ ਦੀ ਚੋਣ ਕਰਵਾਈ ਜਾਣੀ ਜ਼ਰੂਰੀ ਹੈ। ਇਸ ਮੌਕੇ ਚਮਕੌਰ ਸਿੰਘ ਮੱਗੀਕੇ ਅਤੇ ਹਰਵਿੰਦਰ ਸਿੰਘ, ਨਿਰਭੈ ਸਿੰਘ ਛੀਨੀਵਾਲ ਆਦਿ ਹਾਜ਼ਰ ਸਨ। ਉੱਧਰ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਵਲੋਂ ਜਾਰੀ ਲਿਖਤੀ ਸਪਸ਼ਟੀਕਰਨ ’ਚ ਕਿਹਾ ਗਿਆ ਹੈ ਕਿ 13 ਜੁਲਾਈ ਨੂੰ ਸਵੇਰੇ 11 ਵਜੇ ਹੋਣ ਵਾਲੀ ਅਧਿਕਾਰਤ ਪੰਚ ਦੀ ਚੋਣ ਸਬੰਧੀ ਮੀਟਿੰਗ ਨਿਯੁਕਤ ਅਧਿਕਾਰੀ ਦੇ ਜ਼ਰੂਰੀ ਸਰਕਾਰੀ ਰੁਝੇਵਿਆਂ ਕਾਰਨ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ 23 ਜੁਲਾਈ 2026 ਨੂੰ ਸਵੇਰੇ 11 ਵਜੇ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਵਿਖੇ ਬੀ.ਡੀ.ਪੀ.ਓ. ਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਵੇਗੀ, ਜਿੱਥੇ ਅਧਿਕਾਰਤ ਸਰਪੰਚ ਦੀ ਚੋਣ ਦੀ ਕਾਰਵਾਈ ਵਿਭਾਗੀ ਨਿਯਮਾਂ ਅਨੁਸਾਰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸਬੰਧਿਤ ਪੱਖਾਂ ਨੂੰ ਨਵੀਂ ਤਰੀਕ ਬਾਰੇ ਸੂਚਿਤ ਕਰ ਕੇ ਉਨ੍ਹਾਂ ਨੂੰ ਨਿਰਧਾਰਿਤ ਸਮੇਂ ’ਤੇ ਹਾਜ਼ਰ ਹੋ ਕੇ ਚੋਣ ਪ੍ਰਕਿਰਿਆ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਪਿੰਡ ਛੀਨੀਵਾਲ ਕਲਾਂ ਦੇ ਅਧਿਕਾਰਤ ਪੰਚ ਦੀ ਚੋਣ ਹੁਣ 23 ਨੂੰ ਹੋਵੇਗੀ, ਅੱਜ ਚੋਣ ਨਾ ਕਰਵਾਉਣ ’ਤੇ ਰੋਸ ਪ੍ਰਗਟ
ਅਜੀਤ ਡੈਸਕ
14-07-2026