ਸੰਗਰੂਰ, 13 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਵਿੱਚ ਅੱਜ ਸੰਗਰੂਰ ਦੇ ਕੂੜਾ ਪ੍ਰਬੰਧਨ ਦੀ ਬਦਤਰ ਹਾਲਤ ਨੂੰ ਲੈ ਕੇ ਹੋਈ ਅਹਿਮ ਸੁਣਵਾਈ ਤੋਂ ਬਾਅਦ, ਕੇਸ ਦੇ ਮੁੱਖ ਬਿਨੈਕਾਰ ਐਡਵੋਕੇਟ ਕਮਲ ਆਨੰਦ ਅਤੇ ‘ਪੀਪਲ ਐਕਸ਼ਨ ਫੋਰਸ’ ਦੇ ਪ੍ਰਮੁੱਖ ਸਮਾਜਿਕ ਕਾਰਕੁਨ ਜਤਿੰਦਰ ਕਾਲੜਾ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ।ਉਨ੍ਹਾਂ ਦੱਸਿਆ ਕਿ ਅੱਜ ਅਦਾਲਤੀ ਕਾਰਵਾਈ ਦੌਰਾਨ ਨਗਰ ਕੌਂਸਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੁੱਖ ਡੰਪ ਤੋਂ 40% ਤੋਂ ਵੱਧ ਪੁਰਾਣਾ ਕੂੜਾ ਸਾਫ਼ ਕਰ ਦਿੱਤਾ ਹੈ। ਇਸ ‘ਤੇ ਤਿੱਖਾ ਵਿਰੋਧ ਜਤਾਉਂਦਿਆਂ ਐਡਵੋਕੇਟ ਕਮਲ ਆਨੰਦ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਦਾਲਤ ਦੇ ਮਾਨਯੋਗ ਜੱਜ ਸਾਹਮਣੇ ਜ਼ਮੀਨੀ ਹਕੀਕਤ ਰੱਖਦਿਆਂ ਕਿਹਾ ਕਿ ਪੂਰਾ ਸੰਗਰੂਰ ਸ਼ਹਿਰ ਕੂੜੇ ਦੇ ਵੱਡੇ-ਵੱਡੇ ਅਣ-ਛਾਂਟੇ ਢੇਰਾਂ ਨਾਲ ਭਰਿਆ ਪਿਆ ਹੈ ਅਤੇ ਹਾਲਾਤ ਇੰਨੇ ਖ਼ਰਾਬ ਹਨ ਕਿ ਇਹਨਾਂ ਢੇਰਾਂ ਵਿੱਚੋਂ ਛੋਟੇ-ਛੋਟੇ ਬੱਚੇ ਕੂੜਾ ਚੁੱਕਣ ਲਈ ਮਜਬੂਰ ਹਨ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਜੱਜ ,ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਨੇ ਅਗਲੀ ਸੁਣਵਾਈ (2 ਸਤੰਬਰ) ਤੱਕ ਸ਼ਹਿਰ ਵਿੱਚ ਮੌਜੂਦ ਕੂੜੇ ਦੇ ਢੇਰਾਂ ਦੀਆਂ ਤਸਵੀਰਾਂ ਸਮੇਤ ਮੁਕੰਮਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ‘ਤੇ ਐਡਵੋਕੇਟ ਕਮਲ ਆਨੰਦ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੀ ਪੇਸ਼ੀ ‘ਤੇ ਨਿਯਮਾਂ ਦੀਆਂ ਹੋ ਰਹੀਆਂ ਉਲੰਘਣਾਵਾਂ ਨੂੰ ਸਾਬਤ ਕਰਦੀਆਂ ਜੀਓ-ਟੈਗਡ ਤਸਵੀਰਾਂ ਸਮੇਤ ਰਿਪੋਰਟ ਪੇਸ਼ ਕਰਨਗੇ।ਐਡਵੋਕੇਟ ਕਮਲ ਆਨੰਦ ਨੇ ਪ੍ਰਸ਼ਾਸਨਿਕ ਰਵੱਈਏ ‘ਤੇ ਬੋਲਦਿਆਂ ਕਿਹਾ ਕਿ ਨਗਰ ਕੌਂਸਲ ਸਿਰਫ਼ ਮੁੱਖ ਡੰਪ ਅਤੇ ਲੈਗੇਸੀ ਵੇਸਟ ਦੀ ਗੱਲ ਕਰਕੇ ਅਸਲ ਮੁੱਦੇ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਦਾਲਤ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੀ ਲੜਾਈ ਸਿਰਫ਼ ਇੱਕ ਡੰਪ ਦੀ ਨਹੀਂ, ਬਲਕਿ ਸੰਗਰੂਰ ਦੇ ਲੋਕਾਂ ਨੂੰ ਇੱਕ ਸਨਮਾਨਜਨਕ ਜ਼ਿੰਦਗੀ ਦਿਵਾਉਣ ਦੀ ਹੈ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਨ੍ਹਾਂ ਨੂੰ 2 ਸਤੰਬਰ ਤੱਕ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਮੂਹ ਸੰਗਰੂਰ ਵਾਸੀਆਂ ਨੂੰ ਅਪੀਲ ਤੁਹਾਡੇ ਮੁਹੱਲੇ, ਗਲੀਆਂ, ਪਾਰਕਾਂ ਜਾਂ ਮੁੱਖ ਸੜਕਾਂ ‘ਤੇ ਜਿੱਥੇ ਵੀ ਅਣ-ਛਾਂਟੇ ਕੂੜੇ ਦੇ ਢੇਰ ਲੱਗੇ ਹਨ, ਉਨ੍ਹਾਂ ਦੀਆਂ ਜੀਓ-ਟੈਗਡ ਲੋਕੇਸ਼ਨ ਅਤੇ ਮਿਤੀ ਸਮੇਤ ਤਸਵੀਰਾਂ ਅਤੇ ਵੀਡੀਓਜ਼ ਟੀਮ ਨਾਲ ਸਾਂਝੀਆਂ ਕਰੋ। ਸਮਾਜਿਕ ਕਾਰਕੁਨ ਜਤਿੰਦਰ ਕਾਲੜਾ ਨੇ ਜਨਤਾ ਦੀ ਭਾਈਵਾਲੀ ‘ਤੇ ਜ਼ੋਰ ਦਿੰਦਿਆਂ ਕਿਹਾ ਕਿ”ਇਹ ਲੜਾਈ ਸਿਰਫ਼ ਉਨ੍ਹਾਂ ਕਿ ਇਕੱਲਿਆਂ ਦੀ ਨਹੀਂ, ਬਲਕਿ ਹਰ ਉਸ ਸੰਗਰੂਰ ਵਾਸੀ ਦੀ ਹੈ ਜੋ ਸਾਫ਼ ਹਵਾ ਅਤੇ ਸਨਮਾਨਜਨਕ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਉਹ ਅਦਾਲਤ ਵਿੱਚ ਸਾਬਤ ਕਰਨਗੇ ਕਿ ਜ਼ਮੀਨੀ ਹਕੀਕਤ ਕੀ ਹੈ।
ਪੂਰਾ ਸੰਗਰੂਰ ਸ਼ਹਿਰ ਕੂੜੇ ਦੇ ਵੱਡੇ-ਵੱਡੇ ਅਣ-ਛਾਂਟੇ ਢੇਰਾਂ ਨਾਲ ਭਰਿਆ ਪਿਆ ਹੈ-ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ
ਅਜੀਤ ਡੈਸਕ
14-07-2026