ਸ਼ੇਰਪੁਰ, 16 ਜੁਲਾਈ (ਦਰਸ਼ਨ ਸਿੰਘ ਖੇੜੀ) - ਜੰਮੂ ਕਸ਼ਮੀਰ ਦੇ ਕੁਪਵਾੜਾ ਵਿਖੇ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਲਾਂਸ ਨਾਇਕ ਸ਼ਹੀਦ ਰਮਨਦੀਪ ਸਿੰਘ ਦੀ 7ਵੀਂ ਬਰਸੀ ਗੁਰਦੁਆਰਾ ਸਾਹਿਬ ਪਿੰਡ ਟਿੱਬਾ ਵਿਖੇ ਸਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ।ਇਸ ਬਰਸੀ ਸਮਾਗਮ ਮੌਕੇ ਸ੍ਰੀ ਸੁਖਮਣੀ ਸਾਹਿਬ ਦੇ ਜਾਪ ਉਪਰੰਤ ਬਾਬਾ ਗੁਰਪ੍ਰੀਤ ਸਿੰਘ ਸਹਿਜੜੇ ਵਾਲਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਮਾਜਿਕ ਸੰਸਥਾ ‘ਹੋਪ ਫ਼ਾਰ ਮਹਿਲ ਕਲਾਂ’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਹੀਦ ਕਦੇ ਮਰਦੇ ਨਹੀਂ ਸਗੋਂ ਉਹ ਆਪਣੇ ਦੇਸ ਅਤੇ ਕੌਮ ਦੇ ਸੁਨਹਿਰੀ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਮਨਦੀਪ ਸਿੰਘ ਦੀ ਸ਼ਹਾਦਤ ਸਾਨੂੰ ਦੇਸ ਭਗਤੀ, ਆਪਸੀ ਭਾਈਚਾਰਾ ਅਤੇ ਹੱਕ ਸੱਚ ਦੀ ਲੜਾਈ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ। ਟਿੱਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਵਿੱਚ ਸ਼ਹੀਦ ਰਮਨਦੀਪ ਸਿੰਘ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ ਅਤੇ ਪਿੰਡ ਟਿੱਬਾ ਦੇ ਵਿਕਾਸ ਲਈ ਸ਼ਹੀਦ ਦੀ ਯਾਦ ਵਿੱਚ ਵਿਕਾਸ ਕਾਰਜਾਂ ਲਈ ਵਿਸ਼ੇਸ਼ ਤੌਰ ’ਤੇ ਗਰਾਂਟ ਜਾਰੀ ਕੀਤੀ ਜਾਵੇ। ਪਿੰਡ ਵਾਸੀਆਂ ਵੱਲੋਂ ਸ਼ਹੀਦ ਦੀ ਪਤਨੀ ਬੀਬੀ ਸਵਰਨਜੀਤ ਕੌਰ, ਪੁੱਤਰ ਸਰਬਜੀਤ ਸਿੰਘ ਤੇ ਧੀ ਸੁਖਮਨ ਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ, ਹਰਦੀਪ ਸਿੰਘ ਹੈਪੀ, ਭਾਈ ਲਖਵੀਰ ਸਿੰਘ, ਭੋਲਾ ਸਿੰਘ, ਗੁਰਜੰਟ ਸਿੰਘ, ਤਾਰ ਸਿੰਘ, ਬਲਵੀਰ ਸਿੰਘ, ਹਾਕਮ ਸਿੰਘ ਆਦਿ ਆਗੂ ਮੌਜੂਦ ਸਨ।