ਸੁਨਾਮ ਊਧਮ ਸਿੰਘ ਵਾਲਾ, 25 ਜੁਲਾਈ (ਭੁੱਲਰ, ਧਾਲੀਵਾਲ, ਸੱਗੂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਅਸਤੀਫ਼ਾ ਦੇਣਾ ਦੇਸ਼ ਦੇ ਨੌਜਵਾਨਾਂ ਦੀ ਬਹੁਤ ਵੱਡੀ ਜਿੱਤ ਹੈ, ਜਿਨ੍ਹਾ ਨੇ ਅਣਥੱਕ ਸੰਘਰਸ਼ ਲੜਿਆ ਅਤੇ ਇਸ ਸਫ਼ਲਤਾ ਲਈ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਸੋਨੀਆ ਗਾਂਧੀ ਵੀ ਵਧਾਈ ਦਾ ਪਾਤਰ ਹਨ। ਦੇਸ਼ ਵਿਚ 27 ਸਾਲਾ ਬਾਅਦ ਪ੍ਰਧਾਨ ਮੰਤਰੀ ਦਾ ਘਰ ਘੇਰਿਆ ਗਿਆ, ਜਿਸ ਕਾਰਨ ਮੋਦੀ ਸਰਕਾਰ ਨੂੰ ਆਖਿਰ ਝੁਕਣਾ ਪਿਆ।ਰਾਜਾ ਵੜਿੰਗ ਜੋ ਸੁਨਾਮ ਵਿਖੇ ਸਫ਼ਾਈ ਸੇਵਕਾ ਦੇ ਧਰਨੇ ਵਿਚ ਸ਼ਾਮਿਲ ਹੋਣ ਆਏ ਸਨ, ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿਚ ਵੀ ਪੇਪਰ ਲੀਕ ਹੋਇਆ ਹੈ, ਅਸੀ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈਣ। ਸਫਾਈ ਸੇਵਕਾਂ ਨੂੰ ‘ਰੱਬ ਦੇ ਬੰਦਿਆ’ ਦੇ ਖ਼ਿਤਾਬ ਨਾਲ ਨਿਵਾਜਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਕਾਮਿਆਂ ਨਾਲ ‘ਆਪ’ ਸਰਕਾਰ ਵਲੋਂ ਦਰਿੰਦਗੀ ਕੀਤੀ ਗਈ ਹੈ।ਡੀ.ਐਸ.ਪੀ. ਨੂੰ ਮੁਅੱਤਲ ਕਰਨਾ ਸਿਰਫ਼ ਇਕ ਦਿਖਾਵਾ ਹੈ ਅਤੇ ਸਾਡੀ ਮੰਗ ਹੈ ਕਿ ਦੋਸ਼ੀ ਪੁਲਿਸ ਵਾਲਿਆ ‘ਤੇ ਮਾਮਲਾ ਦਰਜ ਹੋਵੇ।ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸਾਧੂ ਸਿੰਘ ਧਰਮਸੋਤ, ਦਲਵੀਰ ਸਿੰਘ ਗੋਲਡੀ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਸਿਬੀਆ,ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਰਾਜਿੰਦਰ ਦੀਪਾ, ਮਨਪ੍ਰੀਤ ਮਨੀ ਵੜੈਚ,ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ,ਜਗਦੇਵ ਸਿੰਘ ਸਿੱਧੂ ਦੋਲੇਵਾਲਾ,ਰਿਪਲ ਧਾਲੀਵਾਲ, ਮਲਕੀਤ ਸਿੰਘ ਗੁਰਾਇਆ, ਕਰਮਜੀਤ ਕੌਰ ਮਾਡਲ ਟਾਊਨ ਹਰਭਜਨ ਸਿੰਘ ਸਿੱਧੂ ਜਖੇਪਲ ਆਦਿ ਆਗੂ ਮੌਜੂਦ ਸਨ।