ਔਰਗੈਨਿਕ ਖੇਤੀ ਨਾਲ ਮਿਸਾਲ ਬਣੇ ਜਸਵੀਰ ਸਿੰਘ, ਚਾਰ ਸਾਲਾਂ ਤੋਂ ਬਿਨਾਂ ਰਸਾਇਣਕ ਖਾਦਾਂ ਕਰ ਰਹੇ ਹਨ ਖੇਤੀ
ਸ਼ੇਰਪੁਰ, 4 ਅਗਸਤ (ਮੇਘ ਰਾਜ ਜੋਸ਼ੀ) - ਪਿੰਡ ਟਿੱਬਾ ਦੇ ਪ੍ਰਗਤੀਸ਼ੀਲ ਕਿਸਾਨ ਜਸਵੀਰ ਸਿੰਘ ਜੱਸੀ ਪਿਛਲੇ ਚਾਰ ਸਾਲਾਂ ਤੋਂ ਬਿਨਾਂ ਕਿਸੇ ਰਸਾਇਣਕ ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਕੀਤੇ ਔਰਗੈਨਿਕ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮਿਹਨਤ, ਸਬਰ ਅਤੇ ਕੁਦਰਤੀ ਖੇਤੀ ਪ੍ਰਤੀ ਸਮਰਪਣ ਨਾਲ ਨਾ ਸਿਰਫ਼ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ, ਸਗੋਂ ਇਲਾਕੇ ਦੇ ਕਿਸਾਨਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣੇ ਹਨ।
ਸ਼ੇਰਪੁਰ, 4 ਅਗਸਤ (ਮੇਘ ਰਾਜ ਜੋਸ਼ੀ) - ਪਿੰਡ ਟਿੱਬਾ ਦੇ ਪ੍ਰਗਤੀਸ਼ੀਲ ਕਿਸਾਨ ਜਸਵੀਰ ਸਿੰਘ ਜੱਸੀ ਪਿਛਲੇ ਚਾਰ ਸਾਲਾਂ ਤੋਂ ਬਿਨਾਂ ਕਿਸੇ ਰਸਾਇਣਕ ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਕੀਤੇ ਔਰਗੈਨਿਕ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮਿਹਨਤ, ਸਬਰ ਅਤੇ ਕੁਦਰਤੀ ਖੇਤੀ ਪ੍ਰਤੀ ਸਮਰਪਣ ਨਾਲ ਨਾ ਸਿਰਫ਼ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ, ਸਗੋਂ ਇਲਾਕੇ ਦੇ ਕਿਸਾਨਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣੇ ਹਨ। ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਔਰਗੈਨਿਕ ਖੇਤੀ ਅਪਣਾਉਣ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਚਾਰ ਸਾਲਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ ਪੂਰੀ ਤਰ੍ਹਾਂ ਔਰਗੈਨਿਕ ਖੇਤੀ ਲਈ ਤਿਆਰ ਹੋ ਚੁੱਕੀ ਹੈ ਅਤੇ ਹੁਣ ਉਹ ਵਧੀਆ ਗੁਣਵੱਤਾ ਵਾਲੀਆਂ ਫਸਲਾਂ ਪੈਦਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਔਰਗੈਨਿਕ ਖੇਤੀ ਨਾਲ ਜ਼ਮੀਨ ਦੀ ਸਿਹਤ ਸੁਧਰਦੀ ਹੈ, ਵਾਤਾਵਰਣ ਪ੍ਰਦੂਸ਼ਣ ਘਟਦਾ ਹੈ ਅਤੇ ਲੋਕਾਂ ਨੂੰ ਰਸਾਇਣ-ਮੁਕਤ, ਸਿਹਤਮੰਦ ਅਨਾਜ ਮਿਲਦਾ ਹੈ। ਉਹ ਹੋਰ ਕਿਸਾਨਾਂ ਨੂੰ ਵੀ ਕੁਦਰਤੀ ਅਤੇ ਔਰਗੈਨਿਕ ਖੇਤੀ ਵੱਲ ਆਉਣ ਲਈ ਪ੍ਰੇਰਿਤ ਕਰ ਰਹੇ ਹਨ। ਇਲਾਕੇ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਜਸਵੀਰ ਸਿੰਘ ਜੱਸੀ ਦੀ ਇਹ ਪਹਿਲ ਹੋਰਨਾਂ ਲਈ ਵੀ ਇੱਕ ਮਿਸਾਲ ਹੈ। ਜੇਕਰ ਵੱਧ ਤੋਂ ਵੱਧ ਕਿਸਾਨ ਔਰਗੈਨਿਕ ਖੇਤੀ ਨੂੰ ਅਪਣਾਉਣ, ਤਾਂ ਖੇਤੀ ਦੀ ਲਾਗਤ ਘਟਣ ਦੇ ਨਾਲ-ਨਾਲ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਸਿਹਤ ਦੀ ਵੀ ਰੱਖਿਆ ਹੋ ਸਕਦੀ ਹੈ।