ਖੂਨਦਾਨ ਕੈਂਪ ਦੌਰਾਨ ਗੁਰਦੁਆਰਾ ਸਿੰਘ ਸਭਾ ਵਿਖੇ ਦੇਸ਼ ਭਗਤੀ ਦੇ ਗੀਤਾਂ ’ਤੇ ਹੋਇਆ ਨਾਚ
ਅਹਿਮਦਗੜ੍ਹ, 18 ਅਗਸਤ (ਸੁਖਜੀਤ ਸਿੰਘ ਖੇੜਾ) - ਗੁਰਦੁਆਰਾ ਸਿੰਘ ਸਭਾ ਮੰਡੀ ਅਹਿਮਦਗੜ੍ਹ ਵਿਖੇ 15 ਅਗਸਤ ਨੂੰ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਲਾਏ ਗਏ ਖੂਨਦਾਨ ਕੈਂਪ ਦੌਰਾਨ ਹੋਈ ਮਰਿਆਦਾ ਦੀ ਉਲੰਘਣਾ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ 15 ਅਗਸਤ ਨੂੰ ਇਹ ਕੈਂਪ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ।
ਅਹਿਮਦਗੜ੍ਹ, 18 ਅਗਸਤ (ਸੁਖਜੀਤ ਸਿੰਘ ਖੇੜਾ) - ਗੁਰਦੁਆਰਾ ਸਿੰਘ ਸਭਾ ਮੰਡੀ ਅਹਿਮਦਗੜ੍ਹ ਵਿਖੇ 15 ਅਗਸਤ ਨੂੰ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਲਾਏ ਗਏ ਖੂਨਦਾਨ ਕੈਂਪ ਦੌਰਾਨ ਹੋਈ ਮਰਿਆਦਾ ਦੀ ਉਲੰਘਣਾ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ 15 ਅਗਸਤ ਨੂੰ ਇਹ ਕੈਂਪ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ। ਇਸ ਵਾਰ ਕੈਂਪ ਦੌਰਾਨ ਬਣਾਈ ਸਟੇਜ ਤੇ ਕੁਝ ਬੱਚੀਆਂ ਵੱਲੋਂ ਤਿਰੰਗਾ ਝੰਡਾ ਫੜ ਕੇ ਦੇਸ਼ ਭਗਤੀ ਦੇ ਗੀਤ ਤੇ ਡਾਂਸ ਕੀਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਸੰਗਤਾਂ ਦਾ ਕਹਿਣਾ ਹੈ ਕਿ ਇਸ ਵਰਤਾਰੇ ਨਾਲ ਗੁਰੂ ਘਰ ਦੀ ਮਰਿਆਦਾ ਤਾਰ ਤਾਰ ਹੋਈ ਹੈ ਕਿਊਕਿ ਗੁਰੂ ਘਰਾਂ ਵਿੱਚ ਅਜਿਹੇ ਗੀਤ ਸੰਗੀਤ ਤੇ ਡਾਂਸ ਸ਼ੋਭਾ ਨਹੀਂ ਦਿੰਦੇ। ਇਸ ਸਬੰਧੀ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਘੇਲ ਸਿੰਘ ਉੱਭੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੈਂਪ ਦੌਰਾਨ ਅਚਾਨਕ ਹੋਏ ਇਸ ਵਰਤਾਰੇ ਨਾਲ ਉਹਨਾਂ ਨੂੰ ਵੀ ਬਹੁਤ ਦੁਖ ਹੋਇਆ ਹੈ। ਉਨਾ ਕਿਹਾ ਕਿ ਪਤਾ ਲੱਗਣ ਤੇ ਉਨਾ ਇਸ ਕੰਮ ਨੂੰ ਤੁਰੰਤ ਬੰਦ ਕਰਵਾਇਆ। ਸ਼ਹਿਰ ਵਾਸੀਂ ਸੰਗਤਾਂ ਵੱਲੋਂ ਇਹ ਮਾਮਲਾ ਮਰਿਆਦਾ ਲਾਗੂ ਕਰਵਾਉਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਧਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਜਿਸ ਸੰਸਥਾ ਵੱਲੋਂ ਇਹ ਕੈਂਪ ਲਗਾਇਆ ਗਿਆ ਸੀ ਉਸਨੇ ਲਿਖਤੀ ਤੌਰ ਤੇ ਕਮੇਟੀ ਕੋਲੋਂ ਮਾਫੀ ਮੰਗ ਲਈ ਹੈ। ਇਸ ਸਬੰਧੀ ਸ਼ਹਿਰ ਦੇ ਸਿੱਖ ਆਗੂਆਂ ਦੀ ਆਪੋ ਆਪਣੀ ਰਾਇ ਹੈ ਕੁਝ ਆਗੂ ਗੁਰਦੁਆਰਾ ਕਮੇਟੀ ਖਿਲਾਫ ਸਖਤ ਕਾਰਵਾਈ ਦੀ ਗੱਲ ਆਖ ਰਹੇ ਹਨ ਪਰੰਤੂ ਕੁਝ ਵਿਅਕਤੀਆਂ ਨੇ ਕਮੇਟੀ ਨੂੰ ਕਲੀਨ ਚਿੱਟ ਵੀ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਸਤਿਕਾਰ ਕਮੇਟੀ ਦੇ ਆਗੂਆਂ ਵਲੋਂ ਜਲਦ ਹੀ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਦੀ ਜਾਣਕਾਰੀ ਵੀ ਸੂਤਰਾਂ ਕੋਲੋਂ ਮਿਲੀ ਹੈ।