ਜਲਦੀ ਹੀ ਫੈਕਟਰੀ ਨੂੰ ਜਾਰੀ ਹੋਵੇਗਾ ਨੋਟਿਸ– ਐਕਸੀਅਨ ਪ੍ਰਦੂਸ਼ਣ ਬੋਰਡ
ਧੂਰੀ, 29 ਸਤੰਬਰ ( ਲਖਵੀਰ ਸਿੰਘ ਧਾਂਦਰਾ ) - ਧੂਰੀ–ਸ਼ੇਰਪੁਰ ਮੁੱਖ ਮਾਰਗ ’ਤੇ ਸਥਿਤ ਈਥਾਨੋਲ ਫੈਕਟਰੀ ਵਲੋਂ ਫੈਲਾਏ ਜਾ ਰਹੇ ਕਥਿਤ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਖ਼ਿਲਾਫ਼ ਸੰਘਰਸ਼ ਕਰ ਰਹੀ ‘ਜਹਾਂਗੀਰ ਸਾਂਝਾ ਮੋਰਚਾ ਕਮੇਟੀ’ ਦੇ ਆਗੂਆਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦੇਣ ਦੀ ਸਪੱਸ਼ਟ ਚਿਤਾਵਨੀ ਦਿੱਤੀ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਮੁੱਖ ਕਾਰਕੁੰਨਾਂ ਜਸਪਾਲ ਸਿੰਘ ਘਨੌਰ ਕਲਾਂ, ਬਿਨੈਪਾਲ ਸਿੰਘ ਘਨੌਰ ਕਲਾਂ, ਗੁਰਕੀਰਤਨ ਸਿੰਘ ਬਮਾਲ, ਗੁਰਸੇਵਕ ਸਿੰਘ ਘਨੌਰ ਖੁਰਦ, ਨਰਿੰਦਰ ਸਿੰਘ ਕਾਲਾਬੂਲਾ ਅਤੇ ਲਖਬੀਰ ਸਿੰਘ ਜਹਾਂਗੀਰ ਨੇ ਦੱਸਿਆ ਕਿ ਲੰਘੀ 18 ਸਤੰਬਰ ਨੂੰ ਤਹਿਸੀਲਦਾਰ ਧੂਰੀ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਦੀ ਮੌਜੂਦਗੀ ਵਿੱਚ ਧਰਨਾਕਾਰੀਆਂ ਨੇ ਫੈਕਟਰੀ ਵਿੱਚੋਂ ਨਿਕਲ ਰਹੇ ਸਵਾਹ ਨਾਲ ਭਰੇ ਇੱਕ ਟਿੱਪਰ ਨੂੰ ਮੌਕੇ ‘ਤੇ ਹੀ ਘੇਰ ਲਿਆ ਸੀ।
ਧੂਰੀ, 29 ਸਤੰਬਰ ( ਲਖਵੀਰ ਸਿੰਘ ਧਾਂਦਰਾ ) - ਧੂਰੀ–ਸ਼ੇਰਪੁਰ ਮੁੱਖ ਮਾਰਗ ’ਤੇ ਸਥਿਤ ਈਥਾਨੋਲ ਫੈਕਟਰੀ ਵਲੋਂ ਫੈਲਾਏ ਜਾ ਰਹੇ ਕਥਿਤ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਖ਼ਿਲਾਫ਼ ਸੰਘਰਸ਼ ਕਰ ਰਹੀ ‘ਜਹਾਂਗੀਰ ਸਾਂਝਾ ਮੋਰਚਾ ਕਮੇਟੀ’ ਦੇ ਆਗੂਆਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦੇਣ ਦੀ ਸਪੱਸ਼ਟ ਚਿਤਾਵਨੀ ਦਿੱਤੀ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਮੁੱਖ ਕਾਰਕੁੰਨਾਂ ਜਸਪਾਲ ਸਿੰਘ ਘਨੌਰ ਕਲਾਂ, ਬਿਨੈਪਾਲ ਸਿੰਘ ਘਨੌਰ ਕਲਾਂ, ਗੁਰਕੀਰਤਨ ਸਿੰਘ ਬਮਾਲ, ਗੁਰਸੇਵਕ ਸਿੰਘ ਘਨੌਰ ਖੁਰਦ, ਨਰਿੰਦਰ ਸਿੰਘ ਕਾਲਾਬੂਲਾ ਅਤੇ ਲਖਬੀਰ ਸਿੰਘ ਜਹਾਂਗੀਰ ਨੇ ਦੱਸਿਆ ਕਿ ਲੰਘੀ 18 ਸਤੰਬਰ ਨੂੰ ਤਹਿਸੀਲਦਾਰ ਧੂਰੀ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਦੀ ਮੌਜੂਦਗੀ ਵਿੱਚ ਧਰਨਾਕਾਰੀਆਂ ਨੇ ਫੈਕਟਰੀ ਵਿੱਚੋਂ ਨਿਕਲ ਰਹੇ ਸਵਾਹ ਨਾਲ ਭਰੇ ਇੱਕ ਟਿੱਪਰ ਨੂੰ ਮੌਕੇ ‘ਤੇ ਹੀ ਘੇਰ ਲਿਆ ਸੀ। ਉਸ ਸਮੇਂ ਆਗੂਆਂ ਨੇ ਪ੍ਰਸ਼ਾਸਨ ਅਤੇ ਬੋਰਡ ਅਧਿਕਾਰੀਆਂ ਨੂੰ ‘ਜ਼ੀਰੋ ਲਿਕਵਿਡ ਡਿਸਚਾਰਜ’ ਦੇ ਸਰਕਾਰੀ ਨਿਯਮਾਂ ਅਨੁਸਾਰ ਫੈਕਟਰੀ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਮੋਰਚਾ ਆਗੂਆਂ ਨੇ ਦੋਸ਼ ਲਾਇਆ ਕਿ ਉਸ ਦਿਨ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਪਾਣੀ ਦੇ ਸੈਂਪਲ ਭਰ ਕੇ ਮਹਿਜ਼ ਖਾਨਾਪੁਰਤੀ ਕਰ ਦਿੱਤੀ। ਅੱਜ ਤੱਕ ਨਾ ਤਾਂ ਸੈਂਪਲਾਂ ਦੀ ਜਾਂਚ ਰਿਪੋਰਟ ਜਨਤਕ ਕੀਤੀ ਗਈ ਹੈ ਅਤੇ ਨਾ ਹੀ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਕੋਈ ਠੋਸ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜਦੋਂ ਵੀ ਕਮੇਟੀ ਵਲੋਂ ਅਧਿਕਾਰੀਆਂ ਤੋਂ ਰਿਪੋਰਟ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਇੱਕੋ ਟਾਲ-ਮਟੋਲ ਵਾਲਾ ਜਵਾਬ ਦਿੰਦੇ ਹਨ ਕਿ ਰਿਪੋਰਟ ਆਨਲਾਈਨ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਧਰਨਾਕਾਰੀਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ‘ਜ਼ੀਰੋ ਲਿਕਵਿਡ ਡਿਸਚਾਰਜ’ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਫੈਕਟਰੀ ’ਤੇ ਤੁਰੰਤ ਕਾਨੂੰਨੀ ਸ਼ਿਕੰਜਾ ਨਾ ਕੱਸਿਆ ਗਿਆ, ਤਾਂ ਜਹਾਂਗੀਰ ਸਾਂਝਾ ਮੋਰਚਾ ਵਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੰਗਰੂਰ ਸਥਿਤ ਮੁੱਖ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਜਦੋਂ ਇਸ ਸਬੰਧੀ ਪ੍ਰਦੂਸ਼ਣ ਬੋਰਡ ਦੇ ਐਕਸੀਅਨ ਰੋਹਿਤ ਸਿੰਗਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾਂ ਸੀ ਕਿ ਸਾਡੇ ਵਲੋਂ ਕੋਈ ਦੇਰੀ ਨਹੀਂ ਅਤੇ ਅਸੀਂ ਸੈਂਪਲ ਲੈਬੋਰੇਟਰੀ ਨੂੰ ਭੇਜੇ ਹੋਏ ਹਨ, ਜਿਸਦੀ ਰਿਪੋਰਟ ਜਲਦੀ ਹੀ ਆਉਣ ਦੀ ਸੰਭਾਵਨਾ ਹੈ ਅਤੇ ਇਸ ਸਬੰਧੀ ਬੋਰਡ ਵਲੋਂ ਮੁੱਖ ਦਫ਼ਤਰ ਨੂੰ ਆਨਲਾਈਨ ਕਾਰਵਾਈ ਭੇਜੀ ਗਈ ਹੈ ਅਤੇ ਉਮੀਦ ਹੈ ਅੱਜ ਕਲ੍ਹ ‘ਚ ਫੈਕਟਰੀ ਨੂੰ ਨੋਟਿਸ ਹੋਵੇਗਾ ਅਤੇ ਉਸਦੀ ਕਾਪੀ ਧਰਨਾਕਾਰੀਆਂ ਨੂੰ ਮੁਹੱਈਆਂ ਕਰਵਾ ਦਿੱਤੀ ਜਾਵੇਗੀ।