ਮੱਖੂ, 1 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਹੜ੍ਹ ਪ੍ਰਭਾਵਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹਰੀਕੇ ਹੈੱਡ ਵਰਕਸ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਹਰੀਕੇ ਹੈਂਡ ਵਰਕਸ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਕਿਯੂ ਕ੍ਰਾਂਤੀਕਾਰੀ, ਸਿੱਧੂਪੁਰ, ਮਝੈਲ ਦੇ ਆਗੂ ਤੇ ਵਰਕਰਾਂ ਦੇ ਸਹਿਯੋਗ ਨਾਲ ਅੱਜ ਪੱਕਾ ਮੋਰਚਾ ਲਗਾ ਦਿੱਤਾ | ਮੋਰਚੇ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਤੋਂ ਸਾਡੀਆਂ ਮੰਗਾਂ ਹਨ ਕਿ ਹੜ੍ਹਾਂ ਦੇ ਸਮੇਂ ਪਾਣੀ ਦੀ ਨਿਕਾਸੀ ਲਈ ਗੋਇੰਦਵਾਲ ਸਾਹਿਬ ਤੋਂ ਹਰੀਕੇ ਹੈੱਡ ਵਰਕਸ ਤੱਕ ਪਈ ਸਿਲਟ ਨੂੰ ਸਾਫ਼ ਕੀਤਾ ਜਾਵੇ ਅਤੇ ਇਸੇ ਤਰ੍ਹਾਂ ਹੀ ਹੁਸੈਨੀਵਾਲਾ ਹੈੱਡ ਦੀ ਸਫ਼ਾਈ ਕੀਤੀ ਜਾਵੇ | ਡੈਮਾਂ 'ਚੋਂ ਛੱਡੇ ਪਾਣੀ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਫ਼ਸਲਾਂ ਤੇ ਮਕਾਨ ਜੋ ਕਿ ਰੁੜ੍ਹ ਜਾਂਦੇ ਹਨ ਇਨ੍ਹਾਂ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਧੁੱਸੀ ਬੰਨ੍ਹ ਦੇ ਅੰਦਰ ਆਉਂਦੀ ਜ਼ਮੀਨ ਦਾ ਠੇਕਾ ਸਰਕਾਰਾਂ ਇਕ ਲੱਖ ਰੁਪਿਆ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦੇਣ | ਦਰਿਆਵਾਂ ਵਿਚ ਕੁੱਝ ਜ਼ਮੀਨ ਸੈਂਟਰ ਗੌਰਮੈਂਟ ਦੀ ਹੈ ਜਿਸ ਨੂੰ ਕਾਸ਼ਤਕਾਰਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਗਿਰਦਾਵਰੀ ਜੋ ਕਿ ਕਿਸਾਨਾਂ ਨਾਂਅ ਸੀ ਉਹ ਪੰਜਾਬ ਸਰਕਾਰ ਵਲੋਂ ਤੋੜ ਦਿੱਤੀ ਗਈ ਹੈ, ਇਸ ਨੂੰ ਬਹਾਲ ਕਰਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ | ਹੜ੍ਹਾਂ ਨਾਲ ਹਰ ਵਾਰ ਕਿਸਾਨਾਂ ਦੀਆਂ ਜ਼ਮੀਨਾਂ ਖ਼ਰਾਬ ਹੋ ਜਾਂਦੀਆਂ ਹਨ 1887 'ਚ ਇਕ ਕਾਨੂੰਨ ਬਣਿਆ ਸੀ ਉਸ ਦਾ ਨਾਂਅ ਸੀ ਬੰਦੋਬਸਤ ਇਸ ਤਹਿਤ ਕਿਸਾਨਾਂ ਦੀ ਬਣਦੀ ਜ਼ਮੀਨ ਦੀ ਬਾਜ਼ਾਰੀ ਕੀਮਤ ਸਰਕਾਰ ਦੇਵੇਗੀ ਇਸ ਤਹਿਤ ਰੁੜ੍ਹੀ ਹੋਈ ਜ਼ਮੀਨ ਦਾ ਪ੍ਰਤੀ ਏਕੜ 50 ਲੱਖ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਦਰਿਆ ਨੂੰ ਨਹਿਰੀ ਰੂਪ ਅਤੇ ਰੇਤਾ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਜਾਵੇ | ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਆਨਲਾਈਨ ਨਹੀਂ ਸਿੱਧਾਂ ਚੈੱਕ ਰਾਹੀਂ ਕਿਸਾਨ ਨੂੰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸਾਡੇ ਇਸ ਮੋਰਚੇ ਦਾ ਸਮਰਥਨ ਕਈ ਕਿਸਾਨ ਯੂਨੀਅਨ ਵੀ ਕਰ ਰਹੀਆਂ ਹਨ | ਜਦ ਤੱਕ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਾ ਹੋਈਆਂ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ ਅਤੇ ਰੋਜ਼ਾਨਾ 50 ਦੇ ਕਰੀਬ ਹੜ੍ਹ ਪ੍ਰਭਾਵਿਤ ਕਿਸਾਨ ਭੁੱਖ ਹੜਤਾਲ 'ਤੇ ਬੈਠਿਆ ਕਰਨਗੇ |