ਫ਼ਿਰੋਜ਼ਪੁਰ, 1 ਜਨਵਰੀ (ਗੁਰਿੰਦਰ ਸਿੰਘ)-ਨਸ਼ਾ ਤਸਕਰਾਂ ਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏ. ਐੱਨ. ਟੀ. ਐੱਫ ਫਿਰੋਜ਼ਪੁਰ ਰੇਂਜ ਦੀ ਟੀਮ ਵਲੋਂ ਨਵੇਂ ਵਰ੍ਹੇ ਦੀ ਆਮਦ ਮੌਕੇ ਮੈਡੀਕਲ ਨਸ਼ਾ ਸਪਲਾਈ ਕਰਨ ਜਾਂਦੇ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 5500 ਗੋਲੀਆਂ ਬਰਾਮਦ ਕੀਤੀਆਂ ਹਨ | ਜਾਣਕਾਰੀ ਦਿੰਦਿਆਂ ਏ. ਐੱਨ. ਟੀ. ਐੱਫ ਫਿਰੋਜ਼ਪੁਰ ਰੇਂਜ ਦੇ ਏ. ਆਈ. ਜੀ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਵਿੱਢੀ ਗਈ ਮੁਹਿੰਮ ਤਹਿਤ ਏ. ਐਨ. ਟੀ. ਐੱਫ ਫ਼ਿਰੋਜ਼ਪੁਰ ਰੇਂਜ ਦੀ ਟੀਮ ਵਲੋਂ ਸਾਲ 2026 ਦੇ ਪਹਿਲੇ ਦਿਨ ਗੋਲੀਆਂ ਸਪਲਾਈ ਕਰਨ ਵਾਲੇ ਇਕ ਦੋਸ਼ੀ ਨੂੰ 5500 ਗੋਲੀਆਂ ਸਮੇਤ ਕਾਬੂ ਕਰਕੇ ਦੋਸ਼ੀ ਭਜਨ ਸਿੰਘ ਉਰਫ਼ ਭਜਨ ਪੁੱਤਰ ਕਾਲਾ ਸਿੰਘ ਵਾਸੀ ਟਿਵਾਣਾ ਕਲਾਂ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਹਾਲ ਆਬਾਦ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਿਰੁੱਧ ਥਾਣਾ ਏ. ਐਨ. ਟੀ. ਐੱਫ. ਮੋਹਾਲੀ ਵਿਖੇ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਏ. ਐਨ. ਟੀ. ਐੱਫ. ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਜਾਂਚ ਟੀਮ ਤਕਨੀਕੀ ਸੈੱਲ ਅਤੇ ਜ਼ਮੀਨੀ ਸੂਤਰਾਂ ਦੀ ਮਦਦ ਨਾਲ ਇਸ ਨਸ਼ਾ ਤਸਕਰੀ ਨੈੱਟਵਰਕ ਦੇ ਪਿਛਲੇ ਅਤੇ ਅਗਲੇ ਲਿੰਕਾਂ ਦਾ ਪਤਾ ਲਗਾ ਰਹੀ ਹੈ | ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਾਂਚ ਦੇ ਆਧਾਰ 'ਤੇ ਜਲਦ ਹੀ ਹੋਰ ਗਿ੍ਫ਼ਤਾਰੀਆਂ ਕੀਤੀਆਂ ਜਾਣਗੀਆਂ | ਨਸ਼ਾ ਤਸਕਰੀ ਦੇ ਇਸ ਧੰਦੇ 'ਚ ਸ਼ਾਮਿਲ 'ਵੱਡੀਆਂ ਮੱਛੀਆਂ' ਯਾਨੀ ਕਿ ਮੁੱਖ ਸਰਗਨਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |