ਫਿਰੋਜ਼ਪੁਰ, 1 ਜਨਵਰੀ (ਸੁਖਵਿੰਦਰ ਸਿੰਘ)-ਸਿਟੀ ਥਾਣਾ ਦੇ ਅਧੀਨ ਪੈਂਦੀ ਗੁੱਜਰਾਂ ਵਾਲੀ ਗਲੀ, ਬੇਦੀ ਨਿਵਾਸ ਨਜ਼ਦੀਕ ਮੱਖੂ ਗੇਟ ਇਲਾਕੇ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ ਦਿਹਾੜੇ ਹੀ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਤੋਂ ਸ਼ਹਿਰ ਨਿਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ | ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਚੋਰ ਪੁਲਿਸ ਤੋਂ ਬੇਖ਼ੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਦਿਨ ਦਿਹਾੜੇ ਅੰਜਾਮ ਦੇ ਰਹੇ ਹਨ | ਜਾਣਕਾਰੀ ਦਿੰਦਿਆਂ ਸ਼ੁਭਮ ਬੇਦੀ ਨੇ ਦੱਸਿਆ ਕਿ ਐਤਵਾਰ ਨੂੰ ਦੁਪਹਿਰ ਸਮੇਂ ਸਾਢੇ ਤਿੰਨ ਵਜੇ ਅਣਪਛਾਤੇ ਚੋਰ ਉਸ ਦੀ ਸਪਲੈਂਡਰ ਪਲਸ ਮੋਟਰਸਾਈਕਲ ਨੰਬਰ ਪੀਬੀ-07-ਏ.ਐਚ-3999 ਨੂੰ ਲੈ ਕੇ ਫ਼ਰਾਰ ਹੋ ਗਏ | ਜਦੋਂ ਬਾਹਰ ਆ ਕੇ ਵੇਖਿਆ ਤਾਂ ਉਥੇ ਕੁਝ ਵੀ ਨਹੀਂ ਸੀ 'ਤੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਉਸ 'ਚ ਇਕ ਅਣਪਛਾਤਾ ਚੋਰ ਗਲੀ 'ਚ ਦਿਖਾਈ ਦਿੱਤਾ ਜੋ ਕਿ ਬਹੁਤ ਹੀ ਆਸਾਨੀ ਦੇ ਨਾਲ ਮੋਟਰਸਾਈਕਲ ਜੋ ਘਰ ਦੇ ਬਾਹਰ ਖੜ੍ਹਾ ਸੀ, ਜਿਸ ਨੂੰ ਲੈ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਸਿਟੀ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਵਲੋਂ ਅਜੇ ਤੱਕ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਸ਼ੁਭਮ ਬੇਦੀ ਨੇ ਕਿਹਾ ਕਿ ਸ਼ਹਿਰ ਵਿਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਪਰ ਪੁਲਿਸ ਵਲੋਂ ਠੋਸ ਕਾਰਵਾਈ ਨਾ ਹੋਣ ਕਾਰਨ ਚੋਰ ਬੇਖ਼ੌਫ਼ ਨਜ਼ਰ ਆ ਰਹੇ ਹਨ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰਾ ਚੋਰੀ ਹੋਇਆ ਮੋਟਰਸਾਈਕਲ ਮੈਨੂੰ ਵਾਪਸ ਦਵਾਇਆ ਜਾਵੇ ਤੇ ਚੋਰਾਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ |