ਅਬੋਹਰ, 5 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਨਹਿਰੂ ਪਾਰਕ ਵਿਖੇ ਆਪਣੀ ਉਸਾਰੀ ਵਰਕਰ ਯੂਨੀਅਨ ਦੀ ਮੀਟਿੰਗ ਹੋਈ | ਜਿਸ 'ਚ ਜਥੇਬੰਦੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਮਜ਼ਦੂਰਾਂ ਨੂੰ ਆਪਣੀ ਹੱਕੀ ਮੰਗਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਯੂਨੀਅਨ ਦੇ ਸਕੱਤਰ ਸਾਥੀ ਰਾਮ ਕੁਮਾਰ ਵਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਖ਼ਤਮ ਕਰਕੇ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਮੋਦੀ ਸਰਕਾਰ ਨੇ ਜਿਹੜਾ ਕਾਨੂੰਨ ਜੀ ਰਾਮ ਜੀ ਲਿਆਂਦਾ ਹੈ, ਉਸ ਨਾਲ ਮਜ਼ਦੂਰ ਦੇ ਕੰਮ ਦੀ ਗਾਰੰਟੀ ਖ਼ਤਮ ਕਰ ਦਿੱਤੀ ਹੈ | ਪਹਿਲੇ ਵਾਲੇ ਕਾਨੂੰਨ ਅਨੁਸਾਰ ਕੇਂਦਰ ਸਰਕਾਰ 90 ਫ਼ੀਸਦੀ ਬਜਟ ਦਿੰਦੀ ਸੀ ਪਰ ਹੁਣ ਨਵੇਂ ਕਾਨੂੰਨ ਅਨੁਸਾਰ 60 ਫ਼ੀਸਦੀ ਕੇਂਦਰ ਸਰਕਾਰ ਤੇ 40 ਫ਼ੀਸਦੀ ਰਾਜ ਸਰਕਾਰ ਬਜਟ ਦੇਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾ ਹੀ ਸਾਢੇ ਤਿੰਨ ਲੱਖ ਕਰੋੜ ਦੀ ਕਰਜ਼ਾਈ ਹੈ ਪਰ ਫਿਰ ਵੀ ਦੂਜਾ ਬਿਜਲੀ ਕਾਨੂੰਨ 2025 ਲਿਆ ਕੇ ਗ਼ਰੀਬ ਲੋਕਾਂ ਉੱਪਰ ਹੋਰ ਬੋਝ ਪਾ ਦਿੱਤਾ ਹੈ | ਇਸ ਕਾਨੂੰਨ ਰਾਹੀਂ ਗ਼ਰੀਬ ਲੋਕਾਂ ਨੂੰ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਤੀਜਾ ਬੀਜ ਬਿਲ ਲਿਆਂਦਾ ਗਿਆ, ਜਿਸ 'ਚ ਨਵੇਂ ਬੀਜਾਂ ਦੀ ਖੋਜ ਵੀ ਵਿਦੇਸ਼ੀ ਕੰਪਨੀਆਂ ਕਰਨਗੀਆਂ | ਇਸ ਦੌਰਾਨ ਮੀਟਿੰਗ 'ਚ ਯੂਨੀਅਨ ਦੇ ਆਗੂਆਂ ਨੇ ਨਵੇਂ ਤਿੰਨ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਅਤੇ ਇਸ ਦੇ ਰੋਸ 'ਚ ਆਪਣੀ ਉਸਾਰੀ ਵਰਕਰ ਯੂਨੀਅਨ ਨੇ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਜ਼ਾਹਿਰ ਕੀਤਾ | ਇਸ ਮੌਕੇ ਕਾਮਰੇਡ ਹਰਗੋਬਿੰਦ ਸਿੰਘ ਗਿੱਦੜਾ ਵਾਲੀ, ਮੰਗਾਂ ਸਿੰਘ ਦਾਨੇਵਾਲੀ, ਗੁਰਬਾਜ਼ ਸਿੰਘ ਮਲੂਕਪੁਰਾ, ਭਾਲਾ ਰਾਮ ਕਿੱਕਰ ਖੇੜਾ, ਕਿਸਾਨ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਦੇ ਪ੍ਰਧਾਨ ਨੋਪਾ ਰਾਮ, ਲਾਲ ਚੰਦ ਸੱਪਾਂ ਵਾਲੀ, ਅਮਰੀਕ ਸਿੰਘ ਖੂਈਆਂ ਸਰਵਰ ਆਦਿ ਹਾਜ਼ਰ ਸਨ |