ਮੁੱਦਕੀ, 6 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਸੂਬੇ ਭਰ 'ਚ ਦਿਨ-ਦਿਹਾੜੇ ਹੋ ਰਹੇ ਕਤਲਾਂ ਦੀ ਵਾਰਦਾਤਾਂ ਕਾਰਨ ਪੰਜਾਬ ਦੀ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੂਬਾ ਪੁਲਿਸ ਤੋਂ ਪੂਰੀ ਤਰ੍ਹਾਂ ਉਮੀਦ ਗੁਆ ਦਿੱਤੀ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਬਾਸੀ, ਦਰਸ਼ਨ ਸਿੰਘ ਬਰਾੜ ਫ਼ੌਜੀ ਬਲਾਕ ਪ੍ਰਧਾਨ, ਗੁਰਬਾਜ਼ ਸਿੰਘ ਬਲਾਕ ਪ੍ਰਧਾਨ ਕਰਦਿਆਂ ਕਿਹਾ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਬਚੀ ਹੈ, ਇਵੇਂ ਲੱਗਦਾ ਹੈ ਜਿਵੇਂ ਸਰਕਾਰ ਦਾ ਪੰਜਾਬ ਉੱਪਰ ਕੰਟਰੋਲ ਹੀ ਨਹੀਂ ਰਿਹਾ ਤੇ ਗੈਂਗਸਟਰ ਅਤੇ ਗੁੰਡਾ ਅਨਸਰ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ | ਅੰਮਿ੍ਤਸਰ ਵਿਚ ਇਕ ਵਿਆਹ ਸਮਾਰੋਹ ਦੌਰਾਨ ਦਿਨ-ਦਿਹਾੜੇ ਇਕ ਸਰਪੰਚ ਦੇ ਕਤਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਤਨਾਮ ਸਿੰਘ ਬਾਸੀ, ਦਰਸ਼ਨ ਸਿੰਘ ਬਰਾੜ ਫ਼ੌਜੀ, ਗੁਰਬਾਜ਼ ਸਿੰਘ ਨੇ ਕਿਹਾ ਕਿ ਕਾਤਲਾਂ ਨੇ ਕੋਈ ਡਰ ਨਹੀਂ ਦਿਖਾਇਆ ਅਤੇ ਆਪਣੇ ਚਿਹਰੇ ਢੱਕੇ ਬਿਨਾਂ ਪੂਰੇ ਆਤਮ-ਵਿਸ਼ਵਾਸ ਨਾਲ ਅਪਰਾਧ ਨੂੰ ਅੰਜਾਮ ਦਿੱਤਾ | ਅਜਿਹਾ ਇਸ ਲਈ ਹੋਇਆ, ਕਿਉਂਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸੀ | ਭਾਕਿਯੂ ਬਹਿਰਾਮ ਕੇ ਦੇ ਕਿਸਾਨ ਆਗੂਆਂ ਨੇ ਸੂਬੇ ਦੀ ਦਿਨੋ-ਦਿਨ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਤੇ ਪੁਲਿਸ ਅਸਲ ਵਿਚ ਅਪਰਾਧ ਸਮੀਖਿਆ ਮੀਟਿੰਗਾਂ ਵਿਚ ਕੀ ਕਰਦੀ ਹੈ | ਜੇਕਰ ਪੰਜਾਬ ਨੂੰ ਗੈਂਗਸਟਰ ਅਤੇ ਗੁੰਡਾ ਮੁਕਤ ਨਹੀਂ ਕਰ ਸਕਦੇ ਤਾਂ ਤੁਸੀਂ ਇੱਥੇ ਕਿਉਂ ਹੋ |