ਫ਼ਿਰੋਜ਼ਪੁਰ, 6 ਜਨਵਰੀ (ਰਾਕੇਸ਼ ਚਾਵਲਾ)-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ. ਏ. ਐੱਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਮੀਤ ਮਲਹੋਤਰਾ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ 'ਯੂਥ ਅਗੇਂਸਟ ਡਰੱਗ' ਮੁਹਿੰਮ 6 ਦਸੰਬਰ 2025 ਤੋਂ 6 ਜਨਵਰੀ 2026 ਤੱਕ ਚਲਾਈ ਗਈ ਸੀ | ਇਸ ਮੁਹਿੰਮ ਦੇ ਤਹਿਤ ਅਨੁਰਾਧਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਜਾਗਰੂਕਤਾ ਸੈਮੀਨਾਰ, ਨੁੱਕੜ ਨਾਟਕ, ਕੌਂਸਲਿੰਗ ਸੈਸ਼ਨ, ਡੋਰ ਟੂ ਡੋਰ ਮੁਹਿੰਮ ਤੇ ਮੈਡੀਕਲ ਕੈਂਪ ਆਦਿ ਆਯੋਜਿਤ ਕੀਤੇ ਗਏ | ਇਸ ਦੇ ਨਾਲ ਹੀ ਮੁਹਿੰਮ ਦੌਰਾਨ ਮਸ਼ਹੂਰ ਫ਼ਿਲਮੀ ਅਦਾਕਾਰਾਂ ਜਾਂ ਗੀਤਕਾਰਾਂ ਦੁਆਰਾ ਤਿਆਰ ਕੀਤੀਆਂ ਜਾਗਰੂਕਤਾ ਵੀਡੀਓ ਵੀ ਦਿਖਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇ | ਇਸ ਮੁਹਿੰਮ ਦਾ ਅੱਜ ਆਖ਼ਰੀ ਦਿਨ ਹੋਣ ਕਰਕੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਮੁਹਿੰਮ ਦੀ ਸਮਾਪਤੀ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਦੌਰਾਨ ਜ਼ਿਲ੍ਹਾ ਹੈੱਡਕੁਆਟਰ ਵਿਖੇ ਤੈਨਾਤ ਜੁਡੀਸ਼ੀਅਲ ਅਫ਼ਸਰ, ਲੀਗਲ ਏਡ ਡਿਫੈਂਸ ਕਾਂਊਸਲ ਦੇ ਵਕੀਲ, ਐਡਵੋਕੇਟ ਬਾਰ ਮੈਂਬਰ, ਪੈਨਲ ਐਡਵੋਕੇਟ, ਡਾ. ਸਤਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ, ਫ਼ਿਰੋਜ਼ਪੁਰ, ਹਰਿੰਦਰ ਭੁੱਲਰ, ਫ਼ਿਲਮੀ ਅਦਾਕਾਰ, ਪੈਰਾ ਲੀਗਲ ਵਲੰਟੀਅਰ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਆਦਿ ਮੌਜੂਦ ਸਨ | ਇਸ ਮੌਕੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ), ਜ਼ੀਰਾ ਦੇ ਵਿਦਿਆਰਥੀਆਂ ਨੇ ਸਪੀਚ ਅਤੇ ਨੁੱਕੜ ਨਾਟਕ ਵੀ ਕੀਤਾ | ਅੰਤ 'ਚ ਮੁਹਿੰਮ ਦੌਰਾਨ ਕੰਮ ਕਰਨ ਵਾਲੇ ਨੁਮਾਇੰਦਿਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਵੰਡੇ ਗਏ | ਪ੍ਰੋਗਰਾਮ ਦੇ ਦੌਰਾਨ ਮਿਸ ਕੋਨਿਕਾ ਯਾਦਵ, ਪੈਨਲ ਐਡਵੋਕੇਟ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਵਲੋਂ ਸਟੇਜ ਸੰਭਾਲੀ ਗਈ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਵਲੋਂ ਮੁਹਿੰਮ ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ |