ਫ਼ਿਰੋਜ਼ਪੁਰ, 6 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ 'ਚ ਨਵੰਬਰ 2025, ਦਸੰਬਰ 2025 ਤੇ ਜਨਵਰੀ 2026 ਦੇ ਮਹੀਨਿਆਂ ਦੌਰਾਨ ਰੇਲਵੇ ਦੇ ਸੁਰੱਖਿਅਤ ਸੰਚਾਲਨ 'ਚ ਅਹਿਮ ਯੋਗਦਾਨ ਪਾਉਣ ਵਾਲੇ 14 ਰੇਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਲਾਹਿਆ | ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਸੂਝ-ਬੂਝ ਤੇ ਮੁਸਤੈਦੀ ਨਾਲ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਸੁਰੱਖਿਆ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ | ਰੇਲ ਗੱਡੀਆਂ ਦੇ ਸੁਰੱਖਿਅਤ ਸੰਚਾਲਨ, ਪਟੜੀਆਂ ਦੀ ਸਾਂਭ-ਸੰਭਾਲ ਤੇ ਯਾਤਰੀਆਂ ਦੀ ਸੁਰੱਖਿਆ 'ਚ ਮਿਸਾਲੀ ਯੋਗਦਾਨ ਪਾਉਣ ਲਈ ਕਰਮਚਾਰੀਆਂ 'ਚ ਗੁਰਮੀਤ ਸਿੰਘ ਜੂਨੀਅਰ ਇੰਜੀਨੀਅਰ, ਵਿਕਾਸ਼ ਕੁਮਾਰ ਟੈਕਨੀਸ਼ੀਅਨ, ਸੂਰਿਆਂ ਕੁਮਾਰ ਕੇਸਰੀ ਸੀਨੀਅਰ ਸੈਕਸ਼ਨ ਇੰਜੀਨੀਅਰ, ਸਚਿਨ ਕੁਮਾਰ ਕਾਂਟੇਵਾਲਾ, ਅਵਧੇਸ਼ ਕੁਮਾਰ ਯਾਦਵ ਟੈਕਨੀਸ਼ੀਅਨ, ਭਵਾਨੀ ਸਿੰਘ ਸਟੇਸ਼ਨ ਮਾਸਟਰ, ਯਸ਼ੋਦਾਨੰਦ ਕੁਸ਼ਵਾਹਾ ਟਰੇਨ ਮੈਨੇਜਰ, ਸੰਦੀਪ ਕੁਮਾਰ ਗੇਟ ਮੈਨ, ਰਾਕੇਸ਼ ਸੈਣੀ ਟੈਕਨੀਸ਼ੀਅਨ, ਗੁਰਮੀਤ ਸਿੰਘ ਕਾਂਟੇਵਾਲਾ, ਅਮਰ ਰਾਵਤ ਕਾਂਟੇਵਾਲਾ, ਬੂਟਾ ਸਿੰਘ ਕਾਂਟੇਵਾਲਾ, ਰਵੀ ਗੇਟ ਮੈਨ, ਲਖਬੀਰ ਸਿੰਘ ਟਰੈਕ ਮੇਨਟੇਨਰ ਦਾ ਸਨਮਾਨ ਕੀਤਾ | ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਇਨ੍ਹਾਂ ਕਰਮਚਾਰੀਆਂ ਦੇ ਚੰਗੇ ਕੰਮ ਦੀ ਸ਼ਲਾਘਾ ਕਰਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ | ਉਨ੍ਹਾਂ ਉਮੀਦ ਜਤਾਈ ਕਿ ਇਸ ਤੋਂ ਪ੍ਰੇਰਿਤ ਹੋ ਕੇ ਮੰਡਲ ਦੇ ਹੋਰ ਕਰਮਚਾਰੀ ਵੀ ਆਪਣੀ ਡਿਊਟੀ ਪੂਰੀ ਚੌਕਸੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਅੱਗੇ ਕਿਹਾ ਕਿ ਭਵਿੱਖ 'ਚ ਵੀ ਫ਼ਿਰੋਜ਼ਪੁਰ ਮੰਡਲ ਵਿਚ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਇਸੇ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ | ਇਸ ਸਨਮਾਨ ਸਮਾਰੋਹ ਦੌਰਾਨ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਸੀਨੀਅਰ ਮੰਡਲ ਇੰਜੀਨੀਅਰ/ਤਾਲਮੇਲ ਸੁਮਿਤ ਖੁੱਲਰ, ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ, ਮੰਡਲ ਇੰਜੀਨੀਅਰ/ਹੈੱਡ ਕੁਆਰਟਰ ਆਕਾਸ਼ਦੀਪ ਸਿੰਘ ਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ |