ਫ਼ਾਜ਼ਿਲਕਾ, 6 ਜਨਵਰੀ (ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਹਲਕਾ ਨਿਵਾਸੀਆਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਪਈਆਂ ਮੰਗਾਂ ਦੀ ਪੂਰਤੀ ਲਈ ਮੌਜੂਦਾ ਸਰਕਾਰ ਵਚਨਬੱਧ ਹੈ | ਇਸੇ ਲੜੀ ਤਹਿਤ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਲਗਪਗ 83 ਲੱਖ ਦੀ ਲਾਗਤ ਨਾਲ ਰਾਧਾ ਸਵਾਮੀ ਕਾਲੋਨੀ ਫ਼ਾਜ਼ਿਲਕਾ ਦੀਆਂ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਵਿਧਾਇਕ ਫ਼ਾਜ਼ਿਲਕਾ ਦੀ ਧਰਮ-ਪਤਨੀ ਮੈਡਮ ਖ਼ੁਸ਼ਬੂ ਸਵਨਾ ਵੀ ਨਾਲ ਮੌਜੂਦ ਰਹੇ | ਵਿਧਾਇਕ ਸਵਨਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਦੇਣ ਲਈ ਮੌਜੂਦਾ ਸਰਕਾਰ ਵਲੋਂ ਨਵੇਂ-ਨਵੇਂ ਪ੍ਰਾਜੈਕਟ ਉਲੀਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਵਰਗ ਦਾ ਵਿਕਾਸ ਕਰਨ ਲਈ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਹਰੇਕ ਗਲੀ-ਮੁਹੱਲੇ, ਸ਼ਹਿਰ-ਪਿੰਡ ਆਦਿ ਵਿਖੇ ਵਿਕਾਸ ਪ੍ਰੋਜੈਕਟਾਂ ਦੀ ਝੜੀ ਲਿਆਂਦੀ ਗਈ ਹੈ ਤਾਂ ਜੋ ਆਲਾ-ਦੁਆਲਾ ਸਹੂਲਤਾਂ ਨਾਲ ਭਰਪੂਰ ਹੋਵੇ | ਇਸ ਮੌਕੇ ਬਲਾਕ ਪ੍ਰਧਾਨ ਸ਼ਿਵ ਜਜੋਰੀਆ, ਬਲਾਕ ਪ੍ਰਧਾਨ ਸੰਦੀਪ ਚਲਾਣਾ, ਬਬਲੀ ਰੇਵਾੜੀਆ, ਬਿੱਟੂ ਸੇਤੀਆ, ਸ਼ਾਮ ਲਾਲ ਗਾਂਧੀ, ਸੁਨੀਲ ਮੈਣੀ, ਕਿ੍ਸ਼ਨ ਕੰਬੋਜ, ਗੁਰਪ੍ਰੀਤ ਸਿੰਘ, ਸੰਜੇ ਕੁਮਾਰ, ਦੀਪਕ ਕੁਮਾਰ, ਹਰਨੇਕ ਸਿੰਘ ਹਾਜ਼ਰ ਸਨ |