ਗੁਰੂਹਰਸਹਾਏ, 24 ਜਨਵਰੀ (ਹਰਚਰਨ ਸਿੰਘ ਸੰਧੂ)-ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਦਫ਼ਤਰਾਂ ਤੋਂ ਜਿਥੇ ਪਹਿਲਾਂ ਹੀ ਆਰ. ਟੀ. ਆਈ. ਤਹਿਤ ਮੰਗੀ ਗਈ ਜਾਣਕਾਰੀ ਦਾ ਸੰਬੰਧਿਤ ਦਫ਼ਤਰਾਂ ਵਲੋਂ ਜਵਾਬ ਨਹੀਂ ਮਿਲਦਾ ਜਾਂ ਅਧੂਰਾ ਦਿੱਤਾ ਜਾਂਦਾ ਹੈ | ਉਥੇ ਹੀ ਹੁਣ ਉਪ ਮੰਡਲ ਮੈਜਿਸਟਰੇਟ ਦਫ਼ਤਰ ਗੁਰੂਹਰਸਹਾਏ ਤੋਂ ਦਫ਼ਤਰ ਦੇ ਕੁਝ ਵਿਸ਼ੇਸ਼ ਕੰਮਾਂ ਦੀ ਮੰਗੀ ਗਈ | ਜਾਣਕਾਰੀ ਨਾ ਦੇ ਕੇ ਦਫ਼ਤਰ ਉਪ ਮੰਡਲ ਗੁਰੂਹਰਸਹਾਏ ਨੂੰ ਸ਼ੱਕ ਦੇ ਘੇਰੇ 'ਚ ਖੜ੍ਹਾ ਕੀਤਾ ਜਾ ਰਿਹਾ ਹੈ | ਐੱਸ. ਡੀ. ਐਮ. ਦਫ਼ਤਰ ਗੁਰੂਹਰਸਹਾਏ ਕੋਲੋਂ ਦਸੰਬਰ 2025 ਦੌਰਾਨ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਮੇਂ ਦੌਰਾਨ ਵੱਖ-ਵੱਖ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਭੇਜੀਆਂ ਪੋਲਿੰਗ ਪਾਰਟੀਆਂ ਨਾਲ ਸੰਬੰਧਿਤ ਜਾਣਕਾਰੀ ਮੰਗੀ ਸੀ, ਪਰ 40 ਦਿਨ ਬੀਤਣ ਉਪਰੰਤ ਵੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ | ਜਿਸ ਕਾਰਨ ਪੋਲਿੰਗ ਪਾਰਟੀਆਂ 'ਚ ਤਬਦੀਲੀਆਂ ਕਰਨ ਦਾ ਮਾਮਲਾ ਸ਼ੱਕੀ ਜਾਪਦਾ ਪ੍ਰਤੀਤ ਹੋ ਰਿਹਾ ਹੈ | ਦੱਸਣਯੋਗ ਹੈ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਗੁਰੂਹਰਸਹਾਏ 'ਚ ਜ਼ਿਲ੍ਹਾ ਪੱਧਰੀ ਚੋਣ ਅਧਿਕਾਰੀਆਂ ਵਲੋਂ ਬਣਾ ਕੇ ਭੇਜੀਆਂ ਪੋਲਿੰਗ ਪਾਰਟੀਆਂ 'ਚ ਐੱਸ. ਡੀ. ਐਮ. ਦਫ਼ਤਰ ਗੁਰੂਹਰਸਹਾਏ ਵਲੋਂ ਵੱਡੇ ਪੱਧਰ 'ਤੇ ਤੋੜ ਭੰਨ ਕਰਕੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ 'ਚ ਸਿਫ਼ਾਰਸ਼ੀ ਪੋਲਿੰਗ ਅਫ਼ਸਰ, ਸਹਾਇਕ ਪ੍ਰੋਜਾਇਡਿੰਗ ਅਫ਼ਸਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਸਾਰੇ ਵਰਤਾਰੇ ਉੱਪਰੋਂ ਪਰਦਾ ਚੁੱਕਣ ਦੇ ਮਕਸਦ ਨਾਲ ਆਰ. ਟੀ. ਆਈ. ਰਾਹੀਂ ਜਾਣਕਾਰੀ ਮੰਗੀ ਸੀ, ਪਰ ਉਕਤ ਜਾਣਕਾਰੀ ਦੇਣ ਤੋਂ ਟਾਲ ਮਟੋਲ ਕਰਦਿਆਂ ਸੰਬੰਧਿਤ ਦਫ਼ਤਰ ਭੱਜਣ ਲਈ ਰਾਹ ਲੱਭਦੇ ਨਜ਼ਰ ਆ ਰਹੇ ਹਨ | ਪਰ ਇਥੋਂ ਦੇ ਲੋਕ ਸੂਚਨਾ ਅਧਿਕਾਰੀ ਜਵਾਬ ਦੇਣ ਤੋਂ ਅਸਮਰਥ ਜਾਪ ਰਹੇ ਹਨ, ਜਿਸ ਨੂੰ ਲੈ ਕੇ ਜਾਣਕਾਰੀ ਮੰਗ ਕਰਨ ਵਾਲੇ ਲੋਕ ਹੋਰ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ ਐੱਸ. ਡੀ. ਐਮ. ਦਫ਼ਤਰ ਗੁਰੂਹਰਸਹਾਏ ਵਲੋਂ ਸਮਾਂਬੰਧ ਨਾ ਹੋ ਕੇ ਜਵਾਬ ਨਹੀਂ ਭੇਜਿਆ, ਜਿਸ ਦਾ ਦੁਬਾਰਾ ਰਿਮਾਇਡਰ ਵੀ ਕੀਤਾ ਗਿਆ ਪਰ ਉਸ ਰਿਮਾਇਡਰ ਦਾ ਵੀ ਅਜੇ ਤੱਕ ਜਵਾਬ ਨਹੀਂ ਮਿਲਿਆ | ਪਰ ਪਤਾ ਨਹੀਂ ਮੰਗੀ ਗਈ ਆਰ. ਟੀ. ਆਈ. ਤਹਿਤ ਜਾਣਕਾਰੀ ਦੇਣ ਤੋਂ ਇਹ ਦਫ਼ਤਰ ਟਾਲ ਮਟੋਲ ਕਿਉਂ ਕਰ ਰਿਹਾ ਹੈ | ਇਸ ਦਫ਼ਤਰ ਅੰਦਰ ਆਰ. ਟੀ. ਆਈ. ਤਹਿਤ ਮੰਗੀਆਂ ਗਈਆਂ ਜਾਣਕਾਰੀਆਂ ਸਮੇਂ ਸਿਰ ਨਾ ਦੇ ਕੇ ਜਾਂ ਅਧੂਰੀਆਂ ਜਾਣਕਾਰੀਆਂ ਦੇ ਕੇ ਲੋਕਾਂ ਨੂੰ ਖੱਜਲ ਖ਼ਰਾਬ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੈ | ਐੱਸ. ਡੀ. ਐਮ. ਦਫ਼ਤਰ ਗੁਰੂਹਰਸਹਾਏ ਤੋਂ ਮੰਗੀ ਗਈ ਜਾਣਕਾਰੀ ਸਮਾਂ ਲੰਘ ਜਾਣ 'ਤੇ ਵੀ ਨਾ ਦੇਣ ਕਾਰਨ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੰਗੀ ਗਈ ਜਾਣਕਾਰੀ ਤਹਿਤ ਕਿਤੇ ਨਾ ਕਿਤੇ ਦਫ਼ਤਰ ਦੇ ਕੰਮ ਵਿਚ ਹੇਰਾਫੇਰੀ ਜਾਪ ਰਹੀ | ਇਸ ਸੰਬੰਧੀ ਦਫ਼ਤਰ ਦੇ ਸੂਚਨਾ ਅਫ਼ਸਰ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |