ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ 'ਜੀਨੀਅਸ ਮੇਨ ਪ੍ਰੀਖਿਆ 2025-26' ਦਾ ਆਯੋਜਨ ਬੜੇ ਹੀ ਸੁਚਾਰੂ ਢੰਗ ਨਾਲ ਕੀਤਾ ਗਿਆ | ਇਸ ਪ੍ਰੀਖਿਆ ਵਿਚ ਫ਼ਾਜ਼ਿਲਕਾ, ਅਬੋਹਰ ਅਤੇ ਮੁਕਤਸਰ ਦੇ ਵੱਖ-ਵੱਖ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਕੁੱਲ 83 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੀਖਿਆ ਵਿੱਦਿਆ ਭਾਰਤੀ ਵੱਲੋਂ ਦੋ ਪੱਧਰਾਂ 'ਤੇ ਕਰਵਾਈ ਜਾਂਦੀ ਹੈ | ਪਹਿਲੇ ਪੱਧਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਹੀ ਇਸ ਮੁੱਖ ਪ੍ਰੀਖਿਆ ਵਿਚ ਸ਼ਾਮਲ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ, ਜਿਸ ਤਹਿਤ ਪਹਿਲੇ ਪੰਜ ਸਥਾਨ ਹਾਸਲ ਕਰਨ ਵਾਲਿਆਂ ਨੂੰ 5100 ਰੁਪਏ, ਛੇਵੇਂ ਤੋਂ ਦਸਵੇਂ ਸਥਾਨ ਲਈ 3100 ਰੁਪਏ, ਗਿਆਰ੍ਹਵੇਂ ਤੋਂ ਪੰਦ੍ਹਰਵੇਂ ਸਥਾਨ ਲਈ 2100 ਰੁਪਏ ਅਤੇ ਸੋਲ੍ਹਵੇਂ ਤੋਂ ਪੰਜਾਹਵੇਂ ਸਥਾਨ ਤੱਕ ਆਉਣ ਵਾਲੇ ਵਿਦਿਆਰਥੀਆਂ ਨੂੰ 500 ਰੁਪਏ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ | ਇਸ ਪ੍ਰੀਖਿਆ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮਾਨਸਿਕ ਤੌਰ 'ਤੇ ਤਿਆਰ ਕਰਨਾ ਹੈ | ਇਹ ਪ੍ਰੀਖਿਆ ਪੰਜਾਬ ਦੇ ਮਹਾਮੰਤਰੀ ਸੰਦੀਪ ਧੂੜੀਆ, ਆਬਜ਼ਰਵਰ ਪੂਰਨ ਚੰਦ, ਸੁਪਰਡੈਂਟ ਜੌਲੀ ਮੋਂਗਾ ਅਤੇ ਸਕੂਲ ਦੇ ਵਾਈਸ ਪਿ੍ੰਸੀਪਲ ਸਹਿ ਕੰਟਰੋਲਰ ਗੌਤਮ ਕੁੱਕੜ ਦੀ ਕੁਸ਼ਲ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਈ | ਇਸ ਦੌਰਾਨ ਅੱਠਵੀਂ ਜਮਾਤ ਦੇ 47, ਦਸਵੀਂ ਦੇ 32 ਅਤੇ ਬਾਰ੍ਹਵੀਂ ਜਮਾਤ ਦੇ 4 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਸਕੂਲ ਦੀ ਗਤੀਵਿਧੀ ਇੰਚਾਰਜ ਰਿਚਾ ਕਾਠਪਾਲ ਅਤੇ ਕੋਆਰਡੀਨੇਟਰ ਸ੍ਰੀਮਤੀ ਸੰਤੋਸ਼ ਮਦਾਨ ਨੇ ਵਿਸ਼ੇਸ਼ ਯੋਗਦਾਨ ਪਾਇਆ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਅਤੇ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰਾਂ ਨੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |