ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਜਨ ਸੇਵਾ ਸੁਸਾਇਟੀ ਵਲੋਂ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ ਅਤੇ ਇੰਚਾਰਜ ਰਾਜੀਵ ਕੁੱਕੜ ਦੀ ਅਗਵਾਈ ਹੇਠ ਵੱਖ-ਵੱਖ ਸਥਾਨਾਂ 'ਤੇ 230 ਲੋੜਵੰਦ ਲੋਕਾਂ ਨੂੰ ਪੁਰਾਣੇ ਗਰਮ ਕੱਪੜੇ ਅਤੇ ਬੂਟ ਵੰਡੇ ਗਏ | ਜਿਸ ਵਿਚ 60 ਬੱਚੇ ਵੀ ਸ਼ਾਮਲ ਸਨ | ਸੁਸਾਇਟੀ ਵਲੋਂ ਹੁਣ ਤੱਕ 40 ਪੜਾਵਾਂ ਵਿਚ ਕੁੱਲ 4230 ਲੋਕਾਂ ਨੂੰ ਪੁਰਾਣਾ ਸਾਮਾਨ ਵੰਡਿਆ ਜਾ ਚੁੱਕਾ ਹੈ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਓਡੀਆ ਬਸਤੀ ਵਿਚ 120, ਕੁਸ਼ਟ ਆਸ਼ਰਮ ਵਿਚ 30 ਅਤੇ ਮਲੋਟ ਚੌਕ ਵਿਖੇ ਦੋ ਥਾਵਾਂ 'ਤੇ 80 ਲੋਕਾਂ ਨੂੰ ਕੱਪੜੇ ਤੇ ਬੂਟ ਵੰਡੇ ਗਏ ਹਨ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਇਸ ਪ੍ਰੋਜੈਕਟ ਨਾਲ ਜੁੜਨ ਦੀ ਅਪੀਲ ਕੀਤੀ | ਇਸ ਵੰਡ ਦੌਰਾਨ ਪਿ੍ੰਸੀਪਲ ਰਾਧਾ ਕਿ੍ਸ਼ਨ, ਮੋਹਿਤ ਕੰਬੋਜ, ਵਿਕਾਸ ਮੋਂਗਾ ਅਤੇ ਮੈਂਬਰ ਬੰਟੀ ਬਾਵਾ ਨੇ ਵਿਸ਼ੇਸ਼ ਸਹਿਯੋਗ ਦਿੰਦਿਆਂ ਕੱਪੜੇ ਤੇ ਜੁੱਤੇ ਭੇਟ ਕੀਤੇ | ਸੁਸਾਇਟੀ ਦੇ ਇੰਚਾਰਜ ਰਾਜੀਵ ਕੁੱਕੜ ਨੇ ਦੱਸਿਆ ਕਿ ਅਕਸਰ ਸਾਡੇ ਘਰਾਂ ਵਿਚ ਪੁਰਾਣਾ ਸਾਮਾਨ ਜਿਵੇਂ ਕੱਪੜੇ, ਜੁੱਤੇ, ਬਰਤਨ, ਸਕੂਲ ਬੈਗ ਅਤੇ ਖਿਡੌਣੇ ਪਏ ਹੁੰਦੇ ਹਨ, ਜੇਕਰ ਇਹ ਸਾਮਾਨ ਚੰਗੀ ਹਾਲਤ ਵਿਚ ਹੋਵੇ ਤਾਂ ਲੋਕ ਸੁਸਾਇਟੀ ਨੂੰ ਦਾਨ ਕਰ ਸਕਦੇ ਹਨ | ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਇਹ ਸਾਮਾਨ ਉਨ੍ਹਾਂ ਤੱਕ ਪਹੁੰਚਾਇਆ ਜਾਂਦਾ ਹੈ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਪਵਨ ਬੱਬਰ, ਰਮੇਸ਼ ਕੁਮਾਰ ਅਤੇ ਸੰਦੀਪ ਕਟਾਰੀਆ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ |