ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਪਿੰਡ ਘੜੰੂਮੀ ਵਿਖੇ 1971 ਦੀ ਭਾਰਤ-ਪਾਕਿ ਜੰਗ ਦੇ ਅਮਰ ਸ਼ਹੀਦਾਂ ਦੀ ਯਾਦ 'ਚ ਆਸਾਮ ਰੈਜੀਮੈਂਟ ਵਲੋਂ ਬਣਾਏ ਗਏ 'ਫ਼ਾਜ਼ਿਲਕਾ ਵਾਰ ਮੈਮੋਰੀਅਲ' ਦੀ ਸਾਂਭ-ਸੰਭਾਲ ਅਤੇ ਦੇਖ-ਰੇਖ ਨੂੰ ਲੈ ਕੇ ਇਕ ਅਹਿਮ ਪੱਤਰ 'ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ' ਨੂੰ ਸੌਂਪਿਆ ਗਿਆ | ਇਹ ਅਧਿਕਾਰਤ ਪੱਤਰ ਤੀਜੀ ਬਟਾਲੀਅਨ 'ਦੀ ਆਸਾਮ ਰੈਜੀਮੈਂਟ' ਦੇ ਕਮਾਂਡਿੰਗ ਅਫ਼ਸਰ ਕਰਨਲ ਸੁੰਦਰ ਚਹਿਲ ਵਲੋਂ ਜਾਰੀ ਕੀਤਾ ਗਿਆ ਹੈ | ਇਸ ਰਾਹੀਂ ਸੁਸਾਇਟੀ ਨੂੰ ਸਮਾਰਕ ਦੀ ਮੁੱਖ ਸਰਪ੍ਰਸਤ ਸੰਸਥਾ ਵਜੋਂ ਮਾਨਤਾ ਦਿੱਤੀ ਗਈ ਹੈ | ਕਰਨਲ ਚਹਿਲ ਨੇ ਦੱਸਿਆ ਕਿ ਇਹ ਯਾਦਗਾਰ ਆਸਾਮ ਰੈਜੀਮੈਂਟ ਦੇ ਉਨ੍ਹਾਂ ਵੀਰ ਸਪੂਤਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ 1971 ਦੀ ਜੰਗ ਵਿਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ | ਹੁਣ ਸੁਸਾਇਟੀ ਵਲੋਂ ਸਮਾਰਕ ਦੀ ਨਿਯਮਤ ਸਫ਼ਾਈ, ਮੁਰੰਮਤ, ਲੈਂਡ ਸਕੇਪਿੰਗ ਤੇ ਸਾਲਾਨਾ ਯਾਦਗਾਰੀ ਸਮਾਗਮਾਂ ਦੀ ਜ਼ਿੰਮੇਵਾਰੀ ਨਿਭਾਈ ਜਾਵੇਗੀ | ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਉਮੇਸ਼ ਕੁਮਾਰ, ਜਨਰਲ ਸਕੱਤਰ ਰੁਪੇਸ਼ ਬਾਂਸਲ, ਮੈਂਬਰ ਅੰਕੁਰ ਗੁੰਬਰ ਤੇ ਪੰਕਜ ਮਿੱਢਾ ਨੇ ਇਹ ਪੱਤਰ ਪ੍ਰਾਪਤ ਕਰਦਿਆਂ ਆਸਾਮ ਰੈਜੀਮੈਂਟ ਦਾ ਧੰਨਵਾਦ ਕੀਤਾ ਅਤੇ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਅਹਿਦ ਲਿਆ |