ਅਬੋਹਰ, 31 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀ ਲੜੀ ਤਹਿਤ ਸਮੁੱਚੇ ਪੰਜਾਬ ਤੇ ਹੋਰ ਸੂਬਿਆਂ ਵਿਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ | ਇਸ ਲੜੀ ਤਹਿਤ ਮਲੋਟ ਸ਼ਹਿਰ ਦੀ ਅਨਾਜ ਮੰਡੀ ਵਿਖੇ 23, 24 ਤੇ 25 ਫਰਵਰੀ ਨੂੰ ਦੀਵਾਨ ਸਜਾਏ ਜਾ ਰਹੇ ਹਨ | ਜਿਸ 'ਚ ਉਚੇਚੇ ਤੌਰ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਜਥੇ ਸਣੇ ਇਲਾਕੇ ਦੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ ਤੇ ਗੁਰ-ਇਤਿਹਾਸ ਰਾਹੀਂ ਸੰਗਤਾਂ ਨੂੰ ਸਿੱਖੀ ਵਿਚ ਪ੍ਰਪੱਕ ਹੋਣ ਦਾ ਸੰਦੇਸ਼ ਦੇਣਗੇ | ਇਸ ਸੰਬੰਧੀ ਮਲੋਟ ਸ਼ਹਿਰ ਵਿਖੇ ਅਬੋਹਰ, ਅਰਨੀਵਾਲਾ, ਦਾਨੇਵਾਲਾ, ਗੁਰੂਸਰ ਤੇ ਹੋਰ ਪਿੰਡਾਂ ਅਤੇ ਸ਼ਹਿਰਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਤਿਆਰੀਆਂ ਸੰਬੰਧੀ ਮੀਟਿੰਗ ਹੋਈ | ਜਿਸ 'ਚ ਅਬੋਹਰ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕਰਦੇ ਹੋਏ ਉਕਤ ਧਾਰਮਿਕ ਸਮਾਗਮ 'ਚ ਬਣਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ | ਇਸ ਤੋਂ ਪਹਿਲਾਂ ਬੱਲੂਆਣਾ ਦੇ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਕੀਤੀ ਮੀਟਿੰਗ ਦੌਰਾਨ ਸੰਸਥਾ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਤੇ ਜਗਜੀਤ ਸਿੰਘ ਕੇਰਾ ਖੇੜਾ ਨੇ ਦੱਸਿਆ ਕਿ ਉਕਤ ਸਮਾਗਮ ਵਿਚ ਅਬੋਹਰ ਤੇ ਇਲਾਕੇ ਦੇ ਪਿੰਡਾਂ ਤੋਂ ਭਾਰੀ ਗਿਣਤੀ 'ਚ ਸੰਗਤਾਂ ਸ਼ਮੂਲੀਅਤ ਕਰਨਗੀਆਂ | ਉਨ੍ਹਾਂ ਦੱਸਿਆ ਕਿ 23, 24 ਤੇ 25 ਫਰਵਰੀ ਨੂੰ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਜਦ ਕਿ 25 ਫਰਵਰੀ ਨੂੰ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਅੰਮਿ੍ਤ ਸੰਚਾਰ ਵੀ ਹੋਵੇਗਾ | ਇਸ ਮੌਕੇ ਜਗਜੀਤ ਸਿੰਘ ਕੇਰਾ ਖੇੜਾ, ਕੁਲਬੀਰ ਸਿੰਘ ਅਜੀਮਗੜ੍ਹ, ਮਾਨ ਸਿੰਘ ਪਰੂਥੀ, ਜਗਜੀਤ ਸਿੰਘ ਜੱਗਾ, ਚੰਨਪ੍ਰੀਤ ਸਿੰਘ ਖ਼ਾਲਸਾ, ਬਲਵੀਰ ਸਿੰਘ ਅਤੇ ਰੋਤਾਸ ਸੌਖਲ ਆਦਿ ਹਾਜ਼ਰ ਸਨ |