ਗੁਰੂਹਰਸਹਾਏ, 1 ਫਰਵਰੀ (ਕਪਿਲ ਕੰਧਾਰੀ)-ਸਥਾਨਕ ਫ਼ਰੀਦਕੋਟ ਰੋਡ 'ਤੇ ਸਥਿਤ ਇਲਾਕੇ ਦੇ ਪ੍ਰਸਿੱਧ ਆਸਥਾ ਹਸਪਤਾਲ ਵਿਖੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਇਕ ਵਿਸ਼ਾਲ ਮੈਗਾ ਹੈਲਥ ਚੈੱਕਅਪ ਕੈਂਪ ਦਾ ਸਫਲਤਾਪੂਰਵਕ ਆਯੋਜਨ ਹਸਪਤਾਲ ਦੇ ਐਮ. ਡੀ. ਦਾਨਿਸ਼ ਕੱਕੜ ਦੀ ਅਗਵਾਈ ਹੇਠ ਕੀਤਾ | ਇਸ ਕੈਂਪ ਦੌਰਾਨ ਵੱਖ-ਵੱਖ ਰੋਗਾਂ ਨਾਲ ਸੰਬੰਧਿਤ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਉਨ੍ਹਾਂ ਨੂੰ ਸਹੀ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਐਮ. ਡੀ. ਦਾਨਿਸ਼ ਕੱਕੜ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਮਲਕੀਤ ਸਿੰਘ ਥਿੰਦ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵਲੋਂ ਜੋਤ ਜਗਾ ਕੇ ਕਰਵਾਈ ਗਈ | ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਾਹੁਲ ਨੇਮਾਂ, ਦਿਮਾਗ਼ ਤੇ ਰੀੜ੍ਹ ਦੀ ਹੱਡੀ ਦੀ ਰੋਗਾਂ ਦੇ ਡਾ. ਮਯੰਕ ਨਿਕੀਪੁਰੀਆ, ਪੇਟ ਅਤੇ ਹਰ ਤਰ੍ਹਾਂ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਡਾ. ਤੇਜੱਸਵੀ ਐਮ, ਅÏਰਤਾਂ ਦੇ ਰੋਗਾਂ ਦੇ ਮਾਹਿਰ ਡਾ. ਸਿਮਰਨ ਕੌਰ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਦੀਪਕ ਗੋਇਲ, ਨੱਕ ਕੰਨ ਗਲੇ ਦੇ ਮਾਹਿਰ ਡਾ. ਰਾਬੀਆ ਮੋਂਗਾ, ਪੇਟ ਦੇ ਜਨਰਲ ਸਰਜਰੀ ਦੇ ਮਾਹਿਰ ਡਾ. ਜਨੇਸ਼ ਗੁਪਤਾ, ਦਿਲ ਛਾਤੀ ਸ਼ੂਗਰ ਬੀ. ਪੀ. ਅਧਰੰਗ ਆਦਿ ਰੋਗਾਂ ਦੇ ਸਪੈਸ਼ਲਿਸਟ ਡਾ. ਇਕਰਾ ਵਲੋਂ ਹਸਪਤਾਲ ਵਿਖੇ ਆਏ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ | ਕੈਂਪ ਦੌਰਾਨ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਤੇ ਹੋਰ ਜ਼ਰੂਰੀ ਟੈੱਸਟ ਵੀ ਮੁਫ਼ਤ ਕਰਵਾਏ ਗਏ, ਜਿਸ ਦਾ ਸੈਂਕੜੇ ਮਰੀਜ਼ਾਂ ਨੇ ਲਾਭ ਉਠਾਇਆ | ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਕਿਹਾ ਕਿ ਆਸਥਾ ਹਸਪਤਾਲ ਪਿਛਲੇ ਲੰਬੇ ਸਮੇਂ ਤੋਂ ਗੁਰੂਹਰਸਹਾਏ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਅੱਜ ਵੀ ਜੋ ਇਨ੍ਹਾਂ ਵਲੋਂ ਇਹ ਕੈਂਪ ਲਗਾਇਆ ਗਿਆ ਹੈ | ਇਸ ਕੈਂਪ ਦਾ ਲਾਭ ਲੈਣ ਦੇ ਲਈ ਵੱਡੇ ਗਿਣਤੀ 'ਚ ਲੋਕ ਪਹੁੰਚੇ ਹਨ | ਉਨ੍ਹਾਂ ਨੇ ਇਸ ਕੈਂਪ ਨੂੰ ਸਫਲਤਾਪੂਰਕ ਨੇਪਰੇ ਚਾੜ੍ਹਨ ਦੇ ਲਈ ਆਸਥਾ ਹਸਪਤਾਲ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ | ਇਸ ਮੌਕੇ ਦਾਨਿਸ਼ ਕੱਕੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਸਪਤਾਲ ਵਲੋਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ | ਕੈਂਪ 'ਚ ਆਸਥਾ ਹਸਪਤਾਲ ਵਲੋਂ ਜਿਥੇ ਮੁੱਖ ਮਹਿਮਾਨ ਮਲਕੀਤ ਥਿੰਦ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਥੇ ਹੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪਹੁੰਚੇ ਆਗੂਆਂ ਨੂੰ ਵੀ ਆਸਥਾ ਹਸਪਤਾਲ ਦੇ ਐਮ. ਡੀ. ਦਾਨਿਸ਼ ਕੱਕੜ ਤੇ ਉਨ੍ਹਾਂ ਦੀ ਟੀਮ ਵਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |