ਫ਼ਿਰੋਜ਼ਪੁਰ, 3 ਫਰਵਰੀ (ਸੁਖਵਿੰਦਰ ਸਿੰਘ)-ਰੇਤਾ ਦੀ ਸਪਲਾਈ ਅਧੀਨ ਬੰਦ ਹੋਣ ਕਾਰਨ ਜ਼ਿਲ੍ਹੇ ਭਰ 'ਚ ਠੇਕੇਦਾਰਾਂ, ਦਿਹਾੜੀਦਾਰਾਂ ਵਿਚ ਹੜਕੰਪ ਮੱਚਿਆ ਹੋਇਆ ਹੈ | ਰੇਤਾ ਦੀ ਕਮੀ ਦੇ ਚੱਲਦਿਆਂ ਮਜ਼ਦੂਰ ਤੇ ਮਿਸਤਰੀ ਘਰ ਬੈਠਣ ਲਈ ਮਜਬੂਰ ਹੋ ਗਏ ਹਨ, ਜਿਸ ਦਾ ਸਿੱਧਾ ਅਸਰ ਘਰਾਂ ਦੀ ਉਸਾਰੀ 'ਤੇ ਪੈ ਰਿਹਾ ਹੈ | ਸਰਕਾਰ ਵਲੋਂ ਰੇਤਾ ਨੂੰ ਕੰਟਰੋਲ ਰੇਟ ਅਧੀਨ ਲਿਆਉਣ ਦੇ ਕੀਤੇ ਗਏ ਦਾਅਵੇ ਕਾਗ਼ਜ਼ਾਂ ਤੱਕ ਹੀ ਸੀਮਿਤ ਨਜ਼ਰ ਆ ਰਹੇ ਹਨ | ਜਿਥੇ ਇਕ ਪਾਸੇ ਅਧਿਕਾਰਕ ਤੌਰ 'ਤੇ ਰੇਤਾ ਦੀ ਸਪਲਾਈ ਬੰਦ ਦਿਖਾਈ ਜਾ ਰਹੀ ਹੈ ਉਥੇ ਦੂਜੇ ਪਾਸੇ ਰੇਤਾ ਦੀ ਫਿਰ ਤੋਂ ਕਾਲਾ ਬਾਜ਼ਾਰੀ ਸ਼ੁਰੂ ਹੋ ਚੁੱਕੀ ਹੈ | ਭਰੋਸੇਯੋਗ ਸੂਤਰਾਂ ਮੁਤਾਬਿਕ 3000 ਰੁਪਏ ਦੀ ਵੱਡੀ ਟਰਾਲੀ ਰੇਤਾ ਕਾਲੇ ਬਾਜ਼ਾਰ 'ਚ 6000 ਰੁਪਏ ਤੱਕ ਵੇਚੀ ਜਾ ਰਹੀ ਹੈ | ਇਸ ਕਾਰਨ ਆਮ ਲੋਕਾਂ ਲਈ ਮਕਾਨ ਬਣਾਉਣਾ ਮੁਸ਼ਕਿਲ ਬਣਦਾ ਜਾ ਰਿਹਾ ਹੈ, ਜਦਕਿ ਨਿਰਮਾਣ ਕਾਰਜਾਂ ਨਾਲ ਜੁੜੇ ਹਜ਼ਾਰਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ | ਇਸ ਸੰਬੰਧੀ ਮਿਸਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਦਿਹਾੜੀਆਂ ਕਰਕੇ ਹੀ ਆਪਣੇ ਘਰ ਦਾ ਚੁੱਲ੍ਹਾ ਬਾਲਦੇ ਹਾਂ | ਰੇਤਾ ਦੀ ਸਪਲਾਈ ਕਦੇ ਖੁੱਲ੍ਹ ਜਾਂਦੀ ਹੈ ਕਦੇ ਬੰਦ ਹੋ ਜਾਂਦੀ ਹੈ ਬੰਦ ਹੋਣ ਦੇ ਨਾਲ ਸਾਡੇ ਆਰਥਿਕ ਸਥਿਤੀ 'ਤੇ ਅਸਰ ਪੈਂਦਾ ਹੈ ਕੰਮ ਨਾ ਹੋਣ ਦੇ ਕਾਰਨ ਸਾਨੂੰ ਘਰ ਵਿਚ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ | ਰੇਤਾ ਦੀ ਕਾਲਾ ਬਾਜ਼ਾਰੀ ਸੰਬੰਧੀ ਜਦੋਂ ਕਾਂਗਰਸ ਦੇ ਓ. ਬੀ. ਸੀ. ਚੇਅਰਮੈਨ ਤਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਵੱਡੇ ਵੱਡੇ ਦਾਅਵੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਇਕ ਹੋਰ ਗਰੰਟੀ ਵੀ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ ਰੇਤਾ ਅਤੇ ਕੰਟਰੋਲ ਕਰਨ ਦੀ ਗੱਲ ਕਹਿ ਕੇ ਹੁਣ ਰੇਤਾ ਦੀ ਕਾਲਾ ਬਾਜ਼ਾਰੀ ਕਰਵਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਦਿਹਾੜੀਦਾਰ ਮਿਸਤਰੀ ਮਜ਼ਦੂਰਾਂ ਤੇ ਉਸਾਰੀ ਕਾਰਾਂ ਨੇ ਮੰਗ ਕੀਤੀ ਜਾ ਰਹੀ ਹੈ ਕਿ ਰੇਤਾ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ ਤੇ ਕਾਲਾ ਬਾਜ਼ਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ |