ਫ਼ਿਰੋਜ਼ਪੁਰ, 3 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਲ ਵਲੋਂ ਟਰੇਨਾਂ 'ਚ ਅਣਅਧਿਕਾਰਤ ਤੌਰ 'ਤੇ ਸਫ਼ਰ ਕਰ ਰਹੇ ਰੇਲ ਯਾਤਰੀਆਂ ਦੀ ਇਸ ਪ੍ਰਵਿਰਤੀ ਨੂੰ ਰੋਕਣ ਲਈ ਟਰੇਨਾਂ ਵਿਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾ ਰਹੀ ਹੈ | ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਤੇ ਮੁੱਖ ਟਿਕਟ ਨਿਰੀਖਕਾਂ ਵਲੋਂ ਜਨਵਰੀ 2026 ਦੌਰਾਨ ਟਰੇਨਾਂ ਵਿਚ ਟਿਕਟ ਚੈਕਿੰਗ ਦੌਰਾਨ ਕੁੱਲ 39,215 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਪਾਏ ਗਏ ਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਪਗ 2.52 ਕਰੋੜ ਰੁਪਏ ਦਾ ਮਾਲੀਆ ਵਸੂਲਿਆ | ਫ਼ਿਰੋਜ਼ਪੁਰ ਮੰਡਲ ਵਲੋਂ ਜਨਵਰੀ 2026 ਦੌਰਾਨ ਟਿਕਟ ਚੈਕਿੰਗ ਰਾਹੀਂ ਇਕੱਠਾ ਕੀਤਾ ਗਿਆ | ਇਹ ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 27 ਪ੍ਰਤੀਸ਼ਤ ਵੱਧ ਹੈ | ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਈ ਰੱਖਣ ਅਤੇ ਆਮ ਜਨਤਾ ਨੂੰ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਜਾਂਚ ਕੀਤੀ ਜਾਂਦੀ ਹੈ | ਇਸ ਦੇ ਨਤੀਜੇ ਵਜੋਂ ਜਨਵਰੀ ਮਹੀਨੇ 'ਚ 428 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਕਾਰਨ (ਐਂਟੀ ਲਿਟਰਿੰਗ ਐਕਟ ਤਹਿਤ) ਉਨ੍ਹਾਂ ਤੋਂ 72 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ | ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ 'ਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰ ਰਹੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਉਹ ਭਵਿੱਖ ਵਿਚ ਉਚਿਤ ਟਿਕਟ ਲੈ ਕੇ ਹੀ ਯਾਤਰਾ ਕਰਨ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਪਤੀ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਦੀ ਸਰਗਰਮੀ, ਸਮਰਪਣ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਅਨਿਯਮਿਤ ਯਾਤਰਾ ਤੇ ਗੰਦਗੀ ਫੈਲਾਉਣ ਤੋਂ ਰੋਕਣ ਲਈ ਰੇਲ ਯਾਤਰੀਆਂ ਨੂੰ ਨਿਯਮਾਂ ਦੀ ਪਾਲਨਾ ਕਰਨ ਹਿਤ ਲਗਾਤਾਰ ਮੁਹਿੰਮਾਂ ਚਲਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ |