ਫ਼ਿਰੋਜ਼ਪੁਰ, 3 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਅੰਦਰ ਕਾਨੂੰਨ ਦਾ ਖ਼ੌਫ਼ ਇਸ ਕਦਰ ਖ਼ਤਮ ਹੋ ਚੁੱਕਿਆ ਕਿ ਲੋਕ ਹੁਣ ਸਰਕਾਰੀ ਅਦਾਰਿਆਂ ਅੰਦਰ ਵੀ ਗੁੰਡਾਗਰਦੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ | ਅਜਿਹਾ ਹੀ ਇਕ ਮਾਮਲਾ ਬੀਤੀ ਦੇਰ ਸ਼ਾਮ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਜਿਥੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਸਿਵਲ ਹਸਪਤਾਲ 'ਚ ਦਾਖਲ ਹੋਣ ਆਈ ਇਕ ਧਿਰ ਨੂੰ ਪਿੱਛਾ ਕਰਦੀ ਆਈ ਦੂਜੀ ਧਿਰ ਵਲੋਂ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਮਹਿਲਾਵਾਂ ਤੱਕ ਦੀ ਕੁੱਟਮਾਰ ਕੀਤੀ ਗਈ | ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ 'ਚ ਭੱਠੇ ਦੇ ਰੋਲ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ | ਜਿਥੇ ਪਹਿਲਾਂ ਇਕ ਧਿਰ ਨੇ ਦੂਸਰੀ ਧਿਰ ਨਾਲ ਕੁੱਟਮਾਰ ਕੀਤੀ | ਜਦੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੂਜੀ ਧਿਰ ਆਪਣੇ ਨਾਲ ਅÏਰਤਾਂ ਸਮੇਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਪਹੁੰਚ ਗਈ | ਜਿਥੇ ਉਨ੍ਹਾਂ ਮਰੀਜ਼ਾਂ ਤੇ ਸਿਵਲ ਹਸਪਤਾਲ ਕਰਮਚਾਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਤੇ ਹਸਪਤਾਲ ਦੇ ਅੰਦਰ ਹੀ ਪਹਿਲੀ ਧਿਰ ਦੀਆਂ ਅÏਰਤਾਂ ਨੂੰ ਧੂਹ ਧੂਹ ਕੁੱਟਿਆ | ਉਕਤ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਲੋਕਾਂ ਦੇ ਮਨਾਂ ਅੰਦਰੋਂ ਕਾਨੂੰਨ ਦਾ ਖ਼ੌਫ਼ ਖ਼ਤਮ ਹੋ ਚੁੱਕਿਆ ਤੇ ਸਰਕਾਰੀ ਹਸਪਤਾਲ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ | ਇਥੇ ਹੀ ਬੱਸ ਨਹੀਂ ਹਮਲਾਵਰਾਂ ਵਲੋਂ ਉਕਤ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ਦੀ ਵੀ ਕੁੱਟਮਾਰ ਕਰਨ ਤੇ ਮੋਬਾਈਲ ਫ਼ੋਨ ਖੋਹਣ ਤੱਕ ਦੀ ਕੋਸ਼ਿਸ਼ ਕੀਤੀ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਤੇ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ 'ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦੱਸ ਦੇਈਏ ਕਿ ਸਿਵਲ ਹਸਪਤਾਲ ਫ਼ਿਰੋਜ਼ਪੁਰ 'ਚ ਲੜਾਈ ਝਗੜੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਨਾਕਸ ਸੁਰੱਖਿਆ ਪ੍ਰਬੰਧਾਂ ਕਾਰਨ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਨਾ ਤਾਂ ਸਿਹਤ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦੇਣਾ ਮੁਨਾਸਬ ਸਮਝਦਾ ਹੈ | ਓਧਰ ਮੀਡੀਆ ਕਰਮੀਂ ਨਾਲ ਹੋਈ ਧੱਕੇ ਮੁੱਕੀ ਨੂੰ ਲੈ ਕੇ ਪੱਤਰਕਾਰਾਂ ਦੇ ਵਫ਼ਦ ਵਲੋਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਜਿਥੇ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਨੂੰ ਤੁਰੰਤ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਲਿਖਤੀ ਆਦੇਸ਼ ਦਿੱਤੇ ਹਨ |