ਜ਼ੀਰਾ, 3 ਫਰਵਰੀ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੀਆਂ ਜਲਦੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਵਾਰ ਫਿਰ ਝਟਕਾ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਜ਼ੀਰਾ ਦੀਆਂ ਚੋਣਾਂ ਲਈ ਕੀਤੀ ਗਈ ਵਾਰਡਬੰਦੀ ਨੂੰ ਕਾਂਗਰਸੀ ਕੌਂਸਲਰ ਗੁਰਭਗਤ ਸਿੰਘ ਗਿੱਲ ਤੇ ਹੋਰਾਂ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਨੌਤੀ ਦਿੱਤੀ ਗਈ ਹੈ | ਇਸ ਸੰਬੰਧ ਵਿਚ ਗੁਰਭਗਤ ਸਿੰਘ ਗਿੱਲ ਤੇ ਹੋਰਾਂ ਵਲੋਂ ਦਾਇਰ ਕੀਤੀ ਪਟੀਸ਼ਨ 'ਤੇ ਮੰਗਲਵਾਰ ਨੂੰ ਮੁੜ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਡਬਲ ਬੈਂਚ ਵਲੋਂ ਸੁਣਵਾਈ ਹੋਈ ਹੈ | ਸੁਣਵਾਈ ਦੇ ਦੌਰਾਨ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ ਮੁੜ 18 ਫਰਵਰੀ 'ਤੇ ਮੁਕੱਰਰ ਕਰ ਦਿੱਤੀ ਹੈ | ਪਤਾ ਲੱਗਾ ਹੈ ਕਿ ਅਦਾਲਤ 'ਚ ਸਰਕਾਰ ਦੇ ਪੱਖ 'ਚ ਪੇਸ਼ ਹੋਏ ਵਕੀਲਾਂ ਨੇ ਵੀ ਇਸ ਵਾਰਡਬੰਦੀ ਦੇ ਸੰਬੰਧ 'ਚ ਅਗਲੀ ਤਰੀਕ ਤੱਕ ਕੋਈ ਅਗਲੇਰੀ ਕਾਰਵਾਈ ਨਾ ਕਰਨ ਦਾ ਅਦਾਲਤ ਨੂੰ ਭਰੋਸਾ ਦਿਵਾਇਆ ਹੈ | ਇਥੇ ਵਰਨਣਯੋਗ ਹੈ ਕਿ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੀਆਂ ਨਗਰ ਕੌਂਸਲ ਚੋਣਾਂ ਲਈ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਵਾਰਡ ਬੰਦੀਆਂ ਨੂੰ ਵਿਰੋਧੀ ਧਿਰਾਂ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਰਿਟਾਂ ਦਾਇਰ ਕਰਕੇ ਚੁਨੌਤੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕਲੱਬ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸੁਣਵਾਈ ਕੀਤੀ ਜਾ ਰਹੀ ਹੈ |