ਤਲਵੰਡੀ ਭਾਈ, 3 ਫਰਵਰੀ (ਰਵਿੰਦਰ ਸਿੰਘ ਬਜਾਜ)-ਕੱਲ੍ਹ ਦੇਰ ਸ਼ਾਮ ਇੱਥੋਂ ਦੀ ਛੀਨਾ ਕਾਲੋਨੀ ਵਿਖੇ ਲੁਟੇਰਿਆਂ ਵਲੋਂ ਇਕ ਘਰ ਦੇ ਅੰਦਰ ਵੜ ਕੇ ਪਿਸਤੌਲ ਦੇ ਜ਼ੋਰ 'ਤੇ ਤਿੰਨ ਜਣਿਆਂ ਦੀ ਕੁੱਟਮਾਰ ਕਰਕੇ ਨਕਦੀ ਤੇ ਗਹਿਣੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਛੀਨਾ ਕਾਲੋਨੀ ਵਾਸੀ ਰਣਜੀਤ ਸਿੰਘ ਪੁੱਤਰ ਸ਼ਾਮ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ 7 ਵਜੇ ਆਪਣੇ ਘਰ 'ਚ ਬੈਠੇ ਸਨ ਤਾਂ ਬਾਹਰੋਂ ਦਰਵਾਜ਼ਾ ਖੜਕਿਆ ਤਾਂ ਉਨ੍ਹਾਂ ਨੇ ਗੇਟ ਖੋਲਿ੍ਹਆ ਤਾਂ ਦੋ ਵਿਅਕਤੀ ਉਨ੍ਹਾਂ ਦੇ ਬੇਟੇ ਦਾ ਨਾਂਅ ਲੈ ਕੇ ਅੰਦਰ ਆਏ, ਘਰ 'ਚ ਉਸ ਸਮੇਂ ਮੈਂ ਮੇਰੀ ਪਤਨੀ ਮਨਜੀਤ ਕੌਰ ਤੇ ਮੇਰਾ ਬੇਟਾ ਗੁਰਪ੍ਰੀਤ ਸਿੰਘ ਲੱਕੀ ਮੌਜੂਦ ਸੀ | ਉਨ੍ਹਾਂ 'ਚੋਂ ਇਕ ਵਿਅਕਤੀ ਨੇ ਪਿਸਤੌਲ ਦੇ ਜ਼ੋਰ 'ਤੇ ਸਾਨੂੰ ਬਿਠਾ ਲਿਆ ਅਤੇ ਦੂਜਾ ਸਾਰੇ ਘਰ ਦੀ ਤਲਾਸ਼ੀ ਲੈਣ ਲੱਗ ਪਿਆ ਅਤੇ ਜ਼ਬਰਦਸਤੀ ਸਾਡੀ ਬਾਰੀ ਦੀ ਚਾਬੀ ਵੀ ਖੋਹ ਲਈ ਤੇ ਲਾਕਰ ਵੀ ਭੰਨ ਦਿੱਤਾ, 'ਚੋਂ 40-50 ਹਜ਼ਾਰ ਰੁਪਏ ਦੇ ਕਰੀਬ ਨਕਦੀ, ਚਾਂਦੀ ਦੇ ਕੁੱਝ ਜ਼ੇਵਰ ਕੱਢ ਲਏ ਤੇ ਨਾਲ ਹੀ ਮੇਰੀ ਪਤਨੀ ਮਨਜੀਤ ਕੌਰ ਨੂੰ ਕੁੱਟਮਾਰ ਕਰਕੇ ਉਸ ਦੀ ਸੋਨੇ ਦੀ ਵੰਗ ਅਤੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਲਵਾ ਲਈਆਂ, ਪੂਰੇ ਬੇਖ਼ੌਫ ਹੋ ਕੇ ਉਨ੍ਹਾਂ ਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ | ਰਣਜੀਤ ਸਿੰਘ ਨੇ ਕਿਹਾ ਕਿ ਸਾਰੀ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ |