ਜ਼ੀਰਾ, 3 ਫਰਵਰੀ (ਰਜਨੀਸ਼ ਕਥੂਰੀਆ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਪਿੰਡਾਂ ਵਿਚੋਂ ਲੀਡ ਦਿਵਾਉਣ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਦੇ ਚੁਣੇ ਗਏ ਮੈਂਬਰ 'ਆਪ' ਯੂਥ ਆਗੂ ਸ਼ੰਕਰ ਕਟਾਰੀਆ ਨੇ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਧੰਨਵਾਦੀ ਦੌਰੇ ਸ਼ੁਰੂ ਕਰ ਦਿੱਤੇ ਹਨ | ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਨੀਲੇ ਵਾਲਾ, ਮੱਲੇਸ਼ਾਹ, ਵਕੀਲਾਂ ਵਾਲਾ ਤੇ ਮਹੀਂਆਂ ਵਾਲਾ ਕਲਾਂ ਦਾ ਦੌਰਾ ਕੀਤਾ | ਇਸ ਦੌਰਾਨ ਪਿੰਡ ਮਹੀਆਂਵਾਲਾ ਕਲਾਂ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਬਰਾੜ ਦੀ ਅਗਵਾਈ 'ਚ ਰੱਖੇ ਗਏ ਸਮਾਗਮ ਦੇ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਪਿੰਡ ਦੇ ਪਤਵੰਤਿਆਂ ਤੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ਼ੰਕਰ ਕਟਾਰੀਆ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਪਹਿਲਾਂ ਜਿਹੜੇ ਪਿੰਡਾਂ ਦੇ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਅਤੇ ਪਿੰਡਾਂ ਦੇ ਅਧੂਰੇ ਪਏ ਵਿਕਾਸ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਗਰਾਂਟ ਦੇਣ ਦੇ ਵਾਅਦੇ ਕੀਤੇ ਸਨ | ਉਹ ਸਾਰੇ ਜਲਦੀ ਹੀ ਪੂਰੇ ਕੀਤੇ ਜਾਣਗੇ | ਇਸ ਦੌਰਾਨ ਸ਼ੰਕਰ ਕਟਾਰੀਆ ਨੇ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਜਲਦੀ ਹੀ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿਚ ਸ਼ਹਿਰਾਂ ਅਤੇ ਪਿੰਡਾਂ 'ਚ ਬਿਨਾਂ ਕਿਸੇ ਭੇਦ ਭਾਵ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ | ਜਿਸ ਤਹਿਤ ਸੜਕਾਂ 'ਤੇ ਜਾਲ ਵਿਛਾਉਣ ਤੋਂ ਇਲਾਵਾ ਪਿੰਡਾਂ 'ਚ ਖੇਡ ਸਟੇਡੀਅਮ, ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜਿੰਮ ਅਤੇ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ | ਸ਼ੰਕਰ ਕਟਾਰੀਆ ਨੇ ਕਿਹਾ ਕਿ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿਚ ਪੰਜਾਬ ਸਰਕਾਰ ਪਹਿਲਾਂ ਹੀ ਵੱਡੇ ਕਦਮ ਉਠਾ ਚੁੱਕੀ ਹੈ, ਜਿਸ ਦਾ ਹਰ ਵਰਗ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਹੁਣ 10 ਲੱਖ ਰੁਪਏ ਦੇ ਇਲਾਜ ਦੇ ਬਣ ਰਹੇ ਬੀਮਾ ਕਾਰਡਾਂ ਦੀ ਸਹੂਲਤ ਵੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਸ਼ੰਕਰ ਕਟਾਰੀਆ ਦੇ ਨਾਲ ਸਾਬਕਾ ਸਰਪੰਚ ਬਲਦੇਵ ਸਿੰਘ ਬਰਾੜ, ਸੁੱਖ ਜ਼ੀਰਾ, ਰਾਣਾ ਰਣਬੀਰ ਸਿੰਘ ਠੱਠਾ, ਸਰਪੰਚ ਜਸਵੰਤ ਸਿੰਘ ਬਲ ਤੇ ਸਰਪੰਚ ਸਤਨਾਮ ਸਿੰਘ ਆਦਿ ਹਾਜ਼ਰ ਸਨ |