ਫ਼ਿਰੋਜ਼ਪੁਰ, 3 ਫਰਵਰੀ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਤੇ ਪੀ. ਆਈ.-ਆਰ. ਏ. ਐੱਚ. ਆਈ. ਚੰਡੀਗੜ੍ਹ (ਪੰਜਾਬ ਯੂਨੀਵਰਸਿਟੀ-ਆਈ. ਆਈ. ਟੀ. ਰੋਪੜ ਰਿਜਨਲ ਐਕਸਲੇਟਰ ਫ਼ਾਰ ਹੋਲਿਸਟਿਕ ਇਨੋਵੇਸ਼ਨਜ਼ ਫਾਊਾਡੇਸ਼ਨ, ਨੌਰਦਰਨ ਰੀਜਨ ਐੱਸ. ਐਂਡ ਟੀ. ਕਲੱਸਟਰ) ਦਰਮਿਆਨ ਹੁਨਰ ਵਿਕਾਸ, ਖੋਜ, ਨਵੀਨਤਾ ਤੇ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਸੰਬੰਧੀ ਇਕ ਮਹੱਤਵਪੂਰਨ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਗਏ | ਇਸ ਸਮਝੌਤੇ 'ਤੇ ਯੂਨੀਵਰਸਿਟੀ ਵਲੋਂ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਤੇ ਪੀ. ਆਈ.-ਆਰ. ਏ. ਐੱਚ. ਆਈ. ਵਲੋਂ ਡਾਇਰੈਕਟਰ ਡਾ. ਰਜਤ ਸੰਧੀਰ ਨੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਹਸਤਾਖ਼ਰ ਕੀਤੇ | ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਸਾਂਝੇ ਤੌਰ 'ਤੇ ਹੁਨਰ-ਅਧਾਰਿਤ ਟਰੇਨਿੰਗ ਪ੍ਰੋਗਰਾਮ, ਵਰਕਸ਼ਾਪਾਂ, ਛੋਟੇ ਸਮੇਂ ਦੇ ਕੋਰਸ ਤੇ ਪ੍ਰਮਾਣੀਕਰਨ ਮਾਡਿਊਲ ਤਿਆਰ ਕਰਕੇ ਲਾਗੂ ਕਰਨਗੀਆਂ ਤਾਂ ਜੋ ਵਿਦਿਆਰਥੀਆਂ ਨੂੰ ਰੋਜ਼ਗਾਰ ਯੋਗ ਬਣਾਇਆ ਜਾ ਸਕੇ | ਇਸ ਸਹਿਯੋਗ ਅਧੀਨ ਆਈ. ਡੀ. ਈ. ਏ. ਲੈਬ ਰਾਹੀਂ ਖੇਤੀਬਾੜੀ, ਡਰੋਨ ਤਕਨਾਲੋਜੀ ਤੇ 3-ਡੀ ਤਕਨਾਲੋਜੀ ਵਰਗੇ ਉੱਭਰਦੇ ਖੇਤਰਾਂ 'ਚ ਸਮਰੱਥਾ ਨਿਰਮਾਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਨਾਲ ਹੀ ਸਟਾਰਟ ਅੱਪ ਸਲਾਹ, ਇਨਕਿਊਬੇਸ਼ਨ ਸਹਾਇਤਾ, ਵਿਚਾਰ ਵਿਕਾਸ, ਕਾਰੋਬਾਰੀ ਯੋਜਨਾ ਤਿਆਰੀ ਤੇ ਉਦਯੋਗਿਕ ਫੰਡਿੰਗ ਦੇ ਮੌਕਿਆਂ ਬਾਰੇ ਮਾਰਗ ਦਰਸ਼ਨ ਵੀ ਪ੍ਰਦਾਨ ਕੀਤਾ ਜਾਵੇਗਾ | ਪੀ. ਆਈ.-ਆਰ. ਏ. ਐੱਚ. ਆਈ. ਆਪਣੇ ਉਦਯੋਗਿਕ ਤੇ ਸੰਸਥਾਗਤ ਨੈੱਟਵਰਕਾਂ ਰਾਹੀਂ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ, ਅਪ੍ਰੈਂਟਿਸਸ਼ਿਪ ਤੇ ਫ਼ੀਲਡ ਵਰਕ ਦੇ ਮੌਕੇ ਉਪਲਬਧ ਕਰਵਾਏਗਾ | ਇਸ ਮੌਕੇ ਡਾ. ਸੁਰੇਸ਼ ਕੁਮਾਰ ਸ਼ਰਮਾ ਤੇ ਡਾ. ਰਜਤ ਸੰਧੀਰ ਨੇ ਇਸ ਸਮਝੌਤੇ ਨੂੰ ਅਕਾਦਮਿਕ ਅਤੇ ਸਮਾਜਿਕ ਵਿਕਾਸ ਵੱਲ ਇਕ ਅਹਿਮ ਕਦਮ ਕਰਾਰ ਦਿੱਤਾ |