ਫ਼ਿਰੋਜ਼ਪੁਰ, 3 ਫਰਵਰੀ (ਗੁਰਿੰਦਰ ਸਿੰਘ)-ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਵਿਖੇ 'ਵਿਸ਼ਵ ਜਲਗਾਹਾਂ ਦਿਵਸ' ਨੂੰ ਸਮਰਪਿਤ ਵਾਤਾਵਰਨ ਜਾਗਰੂਕਤਾ ਵਿਸ਼ੇਸ਼ ਸੈਮੀਨਾਰ ਤੇ ਵਰਕਸ਼ਾਪ ਦਾ ਆਯੋਜਨ ਕੀਤਾ | ਪਿ੍ੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ 'ਚ ਕਰਵਾਏ ਸਮਾਗਮ ਮੌਕੇ ਸਕੂਲ 'ਦੀ ਈਕੋ ਕਲੱਬ' ਵਲੋਂ ਸਕੂਲੀ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਵੀ ਕਰਵਾਏ ਗਏ | ਸਕੂਲ ਦੇ ਵਾਈਸ ਪਿ੍ੰਸੀਪਲ ਸੁਕੀਰਤੀ ਸ਼ਰਮਾ ਤੇ ਈਕੋ ਕਲੱਬ ਇੰਚਾਰਜ ਮਿਸ ਸ਼ਹਿਨਾਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆਂ ਅਤੇ ਵੈੱਟਲੈਂਡਜ਼ (ਜਲਗਾਹਾਂ) ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ | ਸੈਮੀਨਾਰ ਦੌਰਾਨ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਵਾਤਾਵਰਨ ਪ੍ਰੇਮੀ ਡਾ. ਮੋਕਸ਼ੀ ਸ਼ਰਮਾ ਸਹਾਇਕ ਪ੍ਰੋਫੈਸਰ ਜੀਵ ਵਿਗਿਆਨ, ਡਾ. ਰਮਨੀਕ ਢਿੱਲੋਂ ਸਹਾਇਕ ਪ੍ਰੋਫੈਸਰ, ਈਕੋ ਕਲੱਬ ਇੰਚਾਰਜ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਅਤੇ ਡਾ. ਸਿਮਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਕਾਸਮੋਟੋਲੋਜੀ ਵਿਭਾਗ ਨੇ ਵਾਤਾਵਰਨ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਮਾਹਿਰਾਂ ਨੇ ਦੱਸਿਆ ਕਿ ਵੈੱਟਲੈਂਡਜ਼ ਸਾਡੇ ਵਾਤਾਵਰਨ ਦਾ ਗੁਰਦਾ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਇਹ ਦਿਨ ਜਲਗਾਹਾਂ, ਝੀਲਾਂ, ਦਰਿਆਵਾਂ, ਨਦੀਆਂ ਤੇ ਦਲਦਲ ਨੂੰ ਸੰਭਾਲਣ ਦਾ ਸੰਦੇਸ਼ ਦਿੰਦਾ ਹੈ, ਜੋ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ | ਉਨ੍ਹਾਂ ਨੇ ਪਾਣੀ ਪ੍ਰਦੂਸ਼ਣ ਦੇ ਪੈ ਰਹੇ ਮਾੜੇ ਪ੍ਰਭਾਵਾਂ ਦਾ ਵਿਸਥਾਰ ਪੂਰਵਕ ਜ਼ਿਕਰ ਕਰਦਿਆਂ, ਇਸ ਦੀ ਸੰਭਾਲ ਤੇ ਬੱਚਤ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਪਾਣੀ ਦੇ ਡਿਗ ਰਹੇ ਪੱਧਰ ਨੂੰ ਬਚਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨ੍ਹਾਂ ਕੁਦਰਤੀ ਸਰੋਤਾਂ ਦੀ ਰੱਖਿਆ ਬਹੁਤ ਜ਼ਰੂਰੀ ਹੈ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਲਾਸਟਿਕ ਦੀ ਵਰਤੋਂ ਘਟਾ ਕੇ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਅਸੀਂ ਧਰਤੀ ਨੂੰ ਬਚਾ ਸਕਦੇ ਹਾਂ | ਇਸ ਮੌਕੇ ਵਾਈਸ ਪਿ੍ੰਸੀਪਲ ਸੁਕੀਰਤੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਮਾਹਿਰਾਂ ਦੀਆਂ ਗੱਲਾਂ 'ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ | ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ | ਸੈਮੀਨਾਰ 'ਚ ਪਹੁੰਚੇ ਬੁਲਾਰਿਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਯਾਦ ਚਿੰਨ੍ਹ ਭੇਟ ਕੀਤੇ ਗਏ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਈਕੋ ਕਲੱਬ ਇੰਚਾਰਜ ਮਿਸ ਸ਼ਹਿਨਾਜ਼, ਸੀਮਾ ਰਾਣੀ, ਮੀਡੀਆ ਕੋਆਰਡੀਨੇਟਰ ਅਮਨਦੀਪ ਕੌਰ ਤੇ ਰੂਪਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ |