ਮੰਡੀ ਅਰਨੀਵਾਲਾ,4 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਜਲਾਲਾਬਾਦ ਦੇ ਪਿੰਡ ਪਾਕਾਂ ਦੇ ਵਸਨੀਕ ਬੇਹੱਦ ਖ਼ੁਸ਼ ਹਨ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿੰਡ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ | ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਪਿੰਡ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ | ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਪਹਿਲੀ ਵਾਰ ਪਿੰਡ ਵਿਚ ਵਿਕਾਸ ਦਾ ਮੁੱਢ ਬੱਝਾ ਹੈ | ਇਹ ਸਭ ਕੁੱਝ ਆਮ ਆਦਮੀ ਪਾਰਟੀ ਦੀ ਸਰਕਾਰ ਸਦਕਾ ਸੰਭਵ ਹੋਇਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਬਜ਼ੁਰਗਾਂ ਨੇ ਦੇਸ਼ ਦੀ ਆਜ਼ਾਦੀ ਅਤੇ ਪੰਜਾਬੀ ਸੂਬੇ ਦੇ ਮੋਰਚੇ 'ਚ ਬਹੁਤ ਕੁਰਬਾਨੀਆਂ ਦਿੱਤੀਆਂ ਪਰ ਦੁੱਖ ਦੀ ਗੱਲ ਇਹ ਰਹੀ ਕਿ ਕਈ ਸਰਕਾਰਾਂ ਆਈਆਂ, ਪਰ ਕਿਸੇ ਨੇ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ | ਹੁਣ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਪਿੰਡ ਵਿਚ ਵਿਕਾਸ ਕਾਰਜਾਂ ਉੱਪਰ 17 ਕਰੋੜ ਰੁਪਏ ਦੀ ਰਾਸ਼ੀ ਖ਼ਰਚੀ ਗਈ ਹੈ | ਜੋ ਆਪਣੇ ਆਪ ਵਿਚ ਇੱਕ ਬਹੁਤ ਅਹਿਮੀਅਤ ਰੱਖਦੀ ਹੈ | ਪਿੰਡ ਵਾਸੀ ਗੁਰਵਿੰਦਰ ਸਿੰਘ ਗਿੰਦਾ, ਮਲਕੀਤ ਸਿੰਘ, ਜਸਪਾਲ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ ਸਰਪੰਚ, ਰਵਿੰਦਰ ਸਿੰਘ, ਗੁਰਦੇਵ ਸਿੰਘ ਮੈਂਬਰ ਪੰਚਾਇਤ, ਗੁਰਦੇਵ ਸਿੰਘ ਸਾਬਕਾ ਮੈਂਬਰ, ਗੁਰਭਜਨ ਸਿੰਘ ਕਿਸਾਨ ਆਗੂ, ਤੇਜਾ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਗੁਰਵਿੰਦਰ ਸਿੰਘ, ਮੇਜਰ ਸਿੰਘ, ਰਣਵੀਰ ਸਿੰਘ ਬੱਬੂ, ਦਿਲਬਾਗ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਨਹਿਰੀ ਪਾਣੀ ਦੀ ਘਾਟ ਦਾ ਅਕਸਰ ਸਾਹਮਣਾ ਕਰਦੇ ਸਨ | ਪਿੰਡ ਦੇ ਕਿਸਾਨਾਂ ਦੀ ਕਈ ਸਾਲਾਂ ਤੋਂ ਲਟਕਦੀ ਆ ਮੁੱਖ ਮੰਗ ਪਾਕਾ ਮਾਈਨਰ ਦਾ ਨਿਰਮਾਣ ਕਰਨ ਦੀ ਮੰਗ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੂਰਾ ਕੀਤਾ ਗਿਆ ਹੈ | ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਜ਼ੈਲ ਇੰਚਾਰਜ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ ਪਿੰਡ ਵਿਚ ਪੁੱਜੇ | ਜਿਨ੍ਹਾਂ ਨੇ ਕਿਹਾ ਕਿ ਇਹ ਸਭ ਕੁੱਝ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ ਵਿਧਾਇਕ ਵਲੋਂ ਪਿੰਡ ਵਾਸੀਆਂ ਦੀਆਂ ਸਾਰੀਆਂ ਹੀ ਮੰਗਾਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ | ਜੇਕਰ ਪਿੰਡ ਵਾਸੀਆਂ ਦੀ ਫਿਰ ਵੀ ਕੋਈ ਮੰਗ ਅਧੂਰੀ ਰਹਿ ਗਈ ਹੈ ਉਸ ਨੂੰ ਵੀ ਹਲਕਾ ਵਿਧਾਇਕ ਕੋਲੋਂ ਪੂਰਾ ਕਰਵਾ ਕੇ ਦਿੱਤਾ ਜਾਵੇਗਾ |