ਫ਼ਿਰੋਜ਼ਪੁਰ, 6 ਫਰਵਰੀ (ਗੁਰਿੰਦਰ ਸਿੰਘ)-ਆਗਾਮੀ ਦਿਨਾਂ 'ਚ ਰਾਜਪਾਲ ਪੰਜਾਬ ਦੀ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਤੋਂ ਪਹਿਲਾਂ ਫ਼ਿਰੋਜ਼ਪੁਰ ਸ਼ਹਿਰ ਵਿਚ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਵਿਚਾਲੇ ਹੋਈ ਤਿੱਖੀ ਤਕਰਾਰ ਨੇ ਸਥਿਤੀ ਨੂੰ ਤਣਾਅਪੂਰਨ ਬਣਾ ਦਿੱਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਚੱਲ ਰਹੀ ਸਾਫ਼-ਸਫ਼ਾਈ ਮੁਹਿੰਮ ਦੌਰਾਨ ਮਾਹੌਲ ਇੰਨਾ ਗਰਮਾਇਆ ਕਿ ਸਫ਼ਾਈ ਕਰਮਚਾਰੀਆਂ ਵਲੋਂ ਕੰਮ ਛੱਡ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਨੀ ਪਈ, ਜਿਸ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ ਕੁਝ ਸਮੇਂ ਲਈ ਠੱਪ ਹੋ ਗਈ | ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਜੇ. ਸੀ. ਬੀ. ਡਰਾਈਵਰ ਅਕਬਰ ਨੇ ਜੇ. ਈ. ਗੌਰਵ ਬਜਾਜ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਚੱਲ ਰਹੇ ਕੰਮ ਦੌਰਾਨ ਜੇ. ਈ. ਵਲੋਂ ਉਸ 'ਤੇ ਪਿਸਤੌਲ ਤਾਨ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਘਟਨਾ ਤੋਂ ਬਾਅਦ ਸਫ਼ਾਈ ਕਰਮਚਾਰੀਆਂ 'ਚ ਭਾਰੀ ਰੋਸ ਫੈਲ ਗਿਆ ਤੇ ਉਨ੍ਹਾਂ ਨੇ ਤੁਰੰਤ ਕੰਮ ਬੰਦ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਨਗਰ ਕੌਂਸਲ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਸਪਸ਼ਿਟ ਤੌਰ 'ਤੇ ਕਿਹਾ ਕਿ ਜਦ ਤੱਕ ਸੰਬੰਧਿਤ ਜੇ. ਈ. ਵਲੋਂ ਮੁਆਫ਼ੀ ਨਹੀਂ ਮੰਗੀ ਜਾਂਦੀ ਤੇ ਉਸ ਦੀ ਬਦਲੀ ਨਹੀਂ ਕੀਤੀ ਜਾਂਦੀ, ਉਹ ਕੰਮ 'ਤੇ ਵਾਪਸ ਨਹੀਂ ਜਾਣਗੇ | ਨਗਰ ਕੌਂਸਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜਾ ਭੱਟੀ, ਰਾਜੇਸ਼ ਪਾਲਾ ਤੇ ਹੋਰ ਆਗੂਆਂ ਨੇ ਕੌਂਸਲ ਅਧਿਕਾਰੀਆਂ ਨੂੰ ਮਿਲ ਕੇ ਜੇ. ਈ. ਗੌਰਵ ਬਜਾਜ ਦੀ ਤੁਰੰਤ ਬਦਲੀ ਦੀ ਮੰਗ ਕੀਤੀ | ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਸੰਬੰਧਿਤ ਅਧਿਕਾਰੀ ਦਾ ਵਰਤਾਵ ਸਦਾ ਕਰਮਚਾਰੀਆਂ ਪ੍ਰਤੀ ਅਪਮਾਨਜਨਕ ਰਿਹਾ ਹੈ, ਜਿਸ ਕਾਰਨ ਅੱਜ ਇਹ ਹਾਲਾਤ ਬਣੇ ਹਨ | ਓਧਰ ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦਿਆਂ ਸੰਬੰਧਿਤ ਜੇ. ਈ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਸ ਦੀ ਬਦਲੀ ਸੰਬੰਧੀ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ | ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ | ਇਸ ਸੰਬੰਧੀ ਜੇ. ਈ. ਗੌਰਵ ਬਜਾਜ ਦਾ ਪੱਖ ਲੈਣ ਲਈ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |